ਪ੍ਰਯਾਗਰਾਜ ’ਚ ਜੁੰਮੇ ਦੀ ਨਮਾਜ਼ ਮਗਰੋਂ ਭੜਕੀ ਸੀ ਹਿੰਸਾ, ਪੁਲਸ ਦੋਸ਼ੀ 59 ਵਿਅਕਤੀਆਂ ਦੇ ਪੋਸਟਰ ਕੀਤੇ ਜਾਰੀ

06/15/2022 4:25:45 PM

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਦੇ ਅਟਾਲਾ ਅਤੇ ਨਰੂਲਾ ਰੋਡ 'ਤੇ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਪਥਰਾਅ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 59 ਦੋਸ਼ੀਆਂ ਦੇ ਪੋਸਟਰ ਪ੍ਰਯਾਗਰਾਜ ਪੁਲਸ ਨੇ ਬੁੱਧਵਾਰ ਨੂੰ ਜਾਰੀ ਕੀਤੇ। ਸੀਨੀਅਰ ਪੁਲਸ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਕੁਝ ਬਦਮਾਸ਼ਾਂ ਦੀ ਪਛਾਣ ਨਹੀਂ ਹੋ ਸਕੀ, ਉਨ੍ਹਾਂ ਲਈ ਪੋਸਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ 59 ਸ਼ਰਾਰਤੀ ਅਨਸਰਾਂ ਦੇ ਪੋਸਟਰ ਜਾਰੀ ਕੀਤੇ ਗਏ ਹਨ ਜੋ ਕਿ ਸੜਕਾਂ ਦੇ ਕਿਨਾਰੇ ਲਗਾਏ ਜਾਣਗੇ ਅਤੇ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤੇ ਜਾਣਗੇ ਤਾਂ ਜੋ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਪੋਸਟਰਾਂ ਵਿਚ ਇਨ੍ਹਾਂ ਬਦਮਾਸ਼ਾਂ ਵੱਲੋਂ ਇੱਟਾਂ-ਪੱਥਰ ਸੁੱਟਣ, ਵਾਹਨਾਂ ਨੂੰ ਅੱਗ ਲਾਉਣ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਅਪਰਾਧੀ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਜਿਹੜੇ ਵਿਅਕਤੀ ਗ੍ਰਿਫ਼ਤਾਰ ਨਹੀਂ ਹੋ ਸਕੇ, ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕਰਨ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ’ਤੇ ਧਾਰਾ 107, 116 ਅਤੇ ਹੋਰ ਧਾਰਾਵਾਂ ਤਹਿਤ ਪਾਬੰਦੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਘਰ ਵੀ ਕੁਰਕ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ, ਇਸ ਲਈ ਲੋੜੀਂਦੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਪ੍ਰਮੁੱਖ ਧਾਰਮਿਕ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਪੁਲਸ ਮੁਤਾਬਕ ਇਕ ਕਮੇਟੀ ਬਣਾਈ ਗਈ ਹੈ ਤਾਂ ਜੋ ਕੋਈ ਬੇਕਸੂਰ ਜੇਲ੍ਹ ਨਾ ਜਾਵੇ, ਸਹੀ-ਗ਼ਲਤ ਦਾ ਜਾਇਜ਼ਾ ਲੈ ਕੇ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪੁਲ ਸ ਦੀ ਮੀਡੀਆ ਇਕਾਈ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ ਕਿ ਪੁਲਸ ਨੂੰ ਪ੍ਰਯਾਗਰਾਜ ਹਿੰਸਾ ਦੇ ਮਾਸਟਰਮਾਈਂਡ ਮੁਹੰਮਦ ਜਾਵੇਦ ਉਰਫ ਜਾਵੇਦ ਪੰਪ ਦੇ ਘਰ ਨੂੰ ਢਾਹੁਣ ਤੋਂ ਪਹਿਲਾਂ ਘਰ ਦੀ ਤਲਾਸ਼ੀ ਦੌਰਾਨ ਅੱਧਾ ਫਟਿਆ ਟਾਈਪ ਕੀਤਾ ਪਰਚਾ ਮਿਲਿਆ ਹੈ। ਪੁਲਸ ਦੀ ਮੀਡੀਆ ਇਕਾਈ ਮੁਤਾਬਕ ਪਰਚੇ ਦਾ ਟੈਕਸਟ ਇਸ ਤਰ੍ਹਾਂ ਸੀ, “ਸੁਣੋ ਦੋਸਤੋ, ਤੁਸੀਂ ਜ਼ੂਮਾ ਦੇ ਦਿਨ 10 ਜੂਨ ਨੂੰ ਅਟਾਲਾ ਪਹੁੰਚਣਾ ਹੈ। ਤੁਹਾਨੂੰ ਉੱਥੇ ਇਕੱਠੇ ਹੋਣਾ ਹੈ, ਜੋ ਵੀ ਰੁਕਾਵਟ ਆਵੇਗੀ, ਤੁਹਾਨੂੰ ਉਸ ’ਤੇ ਵਾਰ ਕਰਨਾ ਪਵੇਗਾ। ਸਾਨੂੰ ਅਦਾਲਤ 'ਤੇ ਭਰੋਸਾ ਨਹੀਂ ਹੈ।''


Tanu

Content Editor

Related News