ਪ੍ਰਣਬ ਮੁਖਰਜੀ- ਮਿਰਾਤੀ ਪਿੰਡ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਪੁੱਜਣ ਦੀ ਜੀਵਨ ਯਾਤਰਾ

Monday, Aug 31, 2020 - 07:28 PM (IST)

ਪ੍ਰਣਬ ਮੁਖਰਜੀ- ਮਿਰਾਤੀ ਪਿੰਡ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਪੁੱਜਣ ਦੀ ਜੀਵਨ ਯਾਤਰਾ

ਜਲੰਧਰ (ਵਿਕਾਸ ਕੁਮਾਰ) : ਪ੍ਰਣਬ ਮੁਖਰਜੀ ਭਾਰਤੀ ਰਾਜਨੀਤੀ 'ਚ ਇੱਕ ਧਰੁਵ ਤਾਰੇ ਵਾਂਗ ਰਹੇ। ਪੱਛਮੀ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਮਿਰਾਤੀ ਨਾਮ ਦੇ ਛੋਟੇ ਜਿਹੇ ਪਿੰਡ ਤੋਂ ਦਿੱਲੀ ਦਰਬਾਰ 'ਤੇ ਆਪਣੀ ਅਮਿੱਟ ਛਾਪ ਛੱਡਣ ਦੀ ਉਨ੍ਹਾਂ ਦੀ ਯਾਤਰਾ ਹਰ ਕਿਸੇ ਨੂੰ ਆਕਰਸ਼ਤ ਕਰਦੀ ਹੈ। ਹਰ ਸੰਘਰਸ਼ ਕਰਨ ਵਾਲੇ ਨੌਜਵਾਨ ਨੂੰ ਪ੍ਰੇਰਨਾ ਦਿੰਦੀ ਹੈ। ਪ੍ਰਣਬ ਮੁਖਰਜੀ ਆਪਣੀ ਸਵੈ ਜੀਵਨੀ ਦੇ ਪ੍ਰਸਤਾਵਨਾ 'ਚ ਆਪਣੀ ਇਸ ਯਾਤਰਾ ਬਾਰੇ ਬੇਹੱਦ ਰੋਮਾਂਚਕ ਤਰੀਕੇ ਨਾਲ ਵਰਣਨ ਕਰਦੇ ਹਨ।

‘ਇਹ ਉਸ ਨੌਜਵਾਨ ਦੀ ਕਥਾ ਹੈ ਜੋ ਪੱਛਮੀ ਬੰਗਾਲ ਦੇ ਇੱਕ ਦੂਰ-ਦੁਰਾਡੇ ਪਿੰਡ ਦੇ ਚੜ੍ਹਦੇ ਦੀਵੇ ਤੋਂ ਭਾਰਤ ਦੀ ਰਾਸ਼ਟਰੀ ਰਾਜਧਾਨੀ ਦੇ ਚਮਕਦੇ ਫਾਨੂਸਾਂ ਤੱਕ ਆ ਪਹੁੰਚਿਆ-ਇੱਕ ਅਜਿਹੀ ਲੰਬੀ ਯਾਤਰਾ, ਜੋ ਕੁੱਝ ਸਫਲਤਾਵਾਂ ਕੁੱਝ ਨਿਰਾਸ਼ਾ ਅਤੇ ਆਕਰਸ਼ਕ ਮੁਕਾਬਲਿਆਂ ਦੇ ਮੇਲ ਨਾਲ ਬਣੀ ਹੈ।

ਪ੍ਰਣਬ ਦਾ ਦਾ ਆਪਣੇ ਬਾਰੇ ਇਹ ਕਥਨ ਹੀ ਸਾਬਤ ਕਰਨ ਲਈ ਕਾਫ਼ੀ ਹੈ ਕਿ ਦਿੱਲੀ ਦੀ ਸੱਤਾ ਦੇ ਸਿਖਰ ਤੱਕ ਉਹ ਪਿੰਡ ਦੇ ਬੇਹੱਦ ਉਤਾਰ ਚੜਾਅ ਮੈਦਾਨਾਂ ਤੋਂ ਹੋ ਕੇ ਪੁੱਜੇ ਸਨ। ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਹਰ ਥਾਂ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਸੀ। ਮੌਜੂਦਾ ਦੌਰ 'ਚ ਉਨ੍ਹਾਂ ਨੂੰ ਭਾਰਤੀ ਰਾਜਨੀਤੀ ਦਾ ਭੀਸ਼ਮ ਪਿਤਾਮਹ ਕਿਹਾ ਜਾਂਦਾ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਉਨ੍ਹਾਂ ਨੂੰ ਸਨਮਾਨ ਨਾਲ ਪ੍ਰਣਬ ਦਾ ਕਹਿਕੇ ਹੀ ਸੰਬੋਧਿਤ ਕੀਤਾ ਜਾਂਦਾ ਸੀ। ਉਨ੍ਹਾਂ ਦੀ ਸਵੀਕਾਰਤਾ ਦਾ ਅੰਦਾਜਾ ਸਿਰਫ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਰਾਜਨੀਤਕ ਵਿਰੋਧੀ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਣਬ ਦਾ ਨੂੰ ਪਿਤਾ ਸਮਾਨ ਦੱਸਿਆ ਸੀ।

ਪ੍ਰਣਬ ਦਾ ਆਪਣੇ ਪਿੰਡ ਮਿਰਾਤੀ ਨੂੰ ਲੈ ਕੇ ਬੇਹੱਦ ਗੰਭੀਰ ਸਨ। ਉਹ ਆਪਣੇ ਆਟੋਬਾਇਓਗ੍ਰਾਫੀ 'ਚ ਮਿਰਾਤੀ ਪਿੰਡ ਬਾਰੇ ਬੇਹੱਦ ਭਾਵੁਕ ਹੋ ਕੇ ਲਿਖਦੇ ਹਨ। ਖਾਸਕਰ 11 ਦਸੰਬਰ ਨੂੰ ਜਦੋਂ ਉਨ੍ਹਾਂ ਦਾ ਜਨਮ ਦਿਨ ਹੁੰਦਾ ਤਾਂ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਮਾਂ ਦੀ ਬਹੁਤ ਯਾਦ ਆਉਂਦੀ ਸੀ। ਉਹ ਖੁਦ ਹੀ ਦੱਸਦੇ ਹਨ ਕਿ ’11 ਦਸੰਬਰ ਨੂੰ ਮੇਰੇ ਵਿਚਾਰ ਮੈਨੂੰ ਕਿਤੇ ਦੂਰ ਲੈ ਜਾਂਦੇ ਹਨ। ਮੇਰੇ ਆਲੇ ਦੁਆਲੇ ਦਾ ਮਾਹੌਲ–ਰਾਜਧਾਨੀ ਦੀ ਰੁੱਝੀ ਕਾਰਜ ਪ੍ਰਣਾਲੀ, ਸਾਉਥ ਬਲਾਕ, ਨਾਰਥ ਬਲਾਕ ਅਤੇ ਇਨ੍ਹਾਂ ਤੋਂ ਵੀ ਪਰੇ ਬਹੁਤ ਦੂਰ-ਸਭ ਮੇਰੇ ਦਿਮਾਗ 'ਚ ਅਸਪਸ਼ਟ ਹੋ ਜਾਂਦੇ ਹਨ। ਇਨ੍ਹਾਂ ਦੀ ਬਜਾਏ ਮੈਂ ਦਰੱਖਤਾਂ, ਕੱਚੇ ਰਾਹ ਅਤੇ ਕੱਚੇ ਘਰ ਦੇਖਣ ਲੱਗਦਾ ਹਾਂ। ਮੈਨੂੰ ਮਾਂ ਦੇ ਹੱਥਾਂ ਦੀ ਬਣੀ ਖੀਰ ਦੀ ਮਹਿਕ ਦੀ ਯਾਦ ਆਉਂਦੀ ਹੈ। ਮੇਰਾ ਮਨ ਮਿਰਾਤੀ ਪਿੰਡ ਦੇ ਵੱਲ ਉੱਡ ਚੱਲਦਾ ਹੈ, ਜਿੱਥੇ ਮੈਂ ਵੱਡਾ ਹੋਇਆ’।

ਪ੍ਰਣਬ ਦਾ ਪੜ੍ਹਾਈ 'ਚ ਵਿਲੱਖਣ ਪ੍ਰਤੀਭਾ ਦੇ ਧਨੀ ਸਨ। ਉਨ੍ਹਾਂ ਨੇ ਵੀਰਭੂਮ ਦੇ ਸੂਰੀ ਵਿਦਿਆਸਾਗਰ ਕਾਲਜ 'ਚ ਸਿੱਖਿਆ ਹਾਸਲ ਕੀਤੀ ਸੀ। ਇਹ ਕਾਲਜ ਕਲਕੱਤਾ ਯੂਨੀਵਰਸਿਟੀ ਨਾਲ ਜੁੜਿਆ ਸੀ। ਪ੍ਰਣਬ ਦਾ ਨੇ ਇਤਿਹਾਸ ਅਤੇ ਰਾਜਨੀਤੀ ਵਿਗਿਆਨ 'ਚ ਐੱਮ.ਏ. ਕੀਤੀ ਸੀ। ਉਨ੍ਹਾਂ ਨੇ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ ਸੀ। ਉਹ ਇੱਕ ਵਕੀਲ ਅਤੇ ਕਾਲਜ 'ਚ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਪਹਿਲਾਂ ਤਾਂ ਉਨ੍ਹਾਂ ਨੇ ਕਾਲਜ 'ਚ ਪ੍ਰੋਫੈਸਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ 'ਚ ਉਹ ਪੱਤਰਕਾਰਤਾ 'ਚ ਜ਼ਿਆਦਾ ਰੂਚੀ ਲੈਣ ਲੱਗੇ। ਪ੍ਰਣਬ ਦਾ ਨੇ ਦੇਸ਼ੇਰ ਡਾਕ ਯਾਨੀ ਮਾਤਭੂਮੀ ਦੀ ਪੁਕਾਰ ਨਾਮ ਦੇ ਪ੍ਰਕਾਸ਼ਨ ਨਾਲ ਜੁੜੇ ਸਨ।

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਦਦ ਨਾਲ ਪ੍ਰਣਬ ਦਾ ਨੇ ਸਾਲ 1969 'ਚ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ। ਪ੍ਰਣਬ ਦਾ ਨੂੰ ਕਾਂਗਰਸ ਦੀ ਟਿਕਟ 'ਤੇ ਰਾਜ ਸਭਾ ਲਈ ਚੁਣਿਆ ਗਿਆ। ਆਪਣੀ ਪ੍ਰਤੀਭਾ ਨਾਲ ਹੌਲੀ-ਹੌਲੀ ਪ੍ਰਣਬ ਦਾ, ਇੰਦਰਾ ਗਾਂਧੀ ਦੇ ਚਹੇਤੇ ਬਣ ਗਏ ਸਨ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਦੇ ਹੱਥਾਂ 'ਚ ਦੇਸ਼ ਦੀ ਵਾਗਡੋਰ ਸੌਂਪ ਦਿੱਤੀ ਗਈ। ਇਸ ਘਟਨਾ ਨੇ ਨਾ ਸਿਰਫ ਕਾਂਗਰਸ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕੀਤਾ ਸਗੋਂ ਖੁਦ ਪ੍ਰਣਬ ਦਾ ਦੀ ਰਾਜਨੀਤੀ ਵੀ ਇੱਕ ਵੱਖ ਮੋੜ 'ਤੇ ਪਹੁੰਚ ਗਈ। ਰਾਜੀਵ ਗਾਂਧੀ ਅਤੇ ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕੁੱਝ ਨੇਤਾਵਾਂ ਤੋਂ  ਕਈ ਮੁੱਦਿਆਂ 'ਤੇ ਪ੍ਰਣਬ ਦਾ ਸਹਿਮਤ ਨਹੀਂ ਸਨ। ਇਹੀ ਵਜ੍ਹਾ ਸੀ ਕਿ ਕਾਂਗਰਸ ਪਾਰਟੀ ਤੋਂ ਪ੍ਰਣਬ ਮੁਖਰਜੀ ਨੂੰ ਬਾਹਰ ਦਾ ਦਰਵਾਜਾ ਦਿਖਾ ਦਿੱਤਾ ਗਿਆ। ਪ੍ਰਣਬ ਮੁਖਰਜੀ ਨੇ ਉਸ ਦੌਰਾਨ ਰਾਸ਼ਟਰੀ ਸਮਾਜਵਾਦੀ ਕਾਂਗਰਸ ਨਾਮ ਤੋਂ ਪਾਰਟੀ ਵੀ ਬਣਾ ਲਈ ਪਰ 1989 'ਚ ਰਾਜੀਵ ਗਾਂਧੀ ਨਾਲ ਸਮਝੌਤਾ ਹੋਣ ਤੋਂ ਬਾਅਦ ਪ੍ਰਣਬ ਦਾ ਇੱਕ ਵਾਰ ਫਿਰ ਕਾਂਗਰਸ 'ਚ ਸ਼ਾਮਲ ਹੋ ਗਏ।

ਪੀ. ਵੀ. ਨਰਸਿਮਹਾ ਰਾਵ ਦੇ ਪ੍ਰਧਾਨ ਮੰਤਰੀ ਬਣਨ ਨਾਲ ਪ੍ਰਣਬ ਦਾ ਨੂੰ ਇੱਕ ਵਾਰ ਫਿਰ ਤਵੱਜੋ ਮਿਲਣਾ ਸ਼ੁਰੂ ਹੋ ਗਿਆ। 1991 'ਚ ਉਨ੍ਹਾਂ ਨੂੰ ਯੋਜਨਾ ਕਮਿਸ਼ਨ ਦਾ ਉਪ-ਪ੍ਰਧਾਨ ਬਣਾਇਆ ਗਿਆ। ਇਸ ਤੋਂ ਬਾਅਦ ਨਰਸਿਮਹਾ ਰਾਵ ਨੇ 1995 'ਚ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਤੌਰ 'ਤੇ ਨਿਯੁਕਤ ਕਰਣ ਦਾ ਫੈਸਲਾ ਲਿਆ ਗਿਆ। ਇਹ ਪ੍ਰਣਬ ਦਾ ਦੀ ਸਮਰੱਥਾ ਹੀ ਸੀ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ ਵਰਗਾ ਮਹੱਤਵਪੂਰਣ ਪੋਰਟਫੋਲੀਓ ਸੌਪਿਆ ਗਿਆ।

ਅੱਗੇ ਚੱਲਕੇ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਸੀ। ਪ੍ਰਣਬ ਦਾ ਸੋਨੀਆ ਗਾਂਧੀ ਦੇ ਪ੍ਰਮੁੱਖ ਸਲਾਹਕਾਰਾਂ 'ਚੋਂ ਰਹੇ ਸਨ। ਜਦੋਂ ਸੋਨੀਆ ਗਾਂਧੀ ਕਿਸੇ ਮੁਸ਼ਕਿਲ ਹਲਾਤਾ 'ਚ ਫੱਸ ਜਾਂਦੀ ਸਨ ਤਾਂ ਪ੍ਰਣਬ ਮੁਖਰਜੀ ਉਨ੍ਹਾਂ ਨੂੰ ਉਨ੍ਹਾਂ ਦੀ ਸੱਸ ਇੰਦਰਾ ਗਾਂਧੀ ਦੇ ਉਦਾਹਰਣਾਂ ਦੇ ਜ਼ਰੀਏ ਦੱਸਦੇ ਸਨ ਕਿ ਅਖੀਰ ਕਿਵੇਂ ਇੰਦਰਾ ਗਾਂਧੀ ਅਜਿਹੇ ਹਲਾਤ ਤੋਂ ਨਜਿੱਠਦੀ ਸਨ। 2004 'ਚ ਸੱਤਾ 'ਚ ਵਾਪਸ ਆਉਣ ਤੋਂ ਬਾਅਦ ਯੂ.ਪੀ.ਏ. 'ਚ ਪ੍ਰਣਬ ਦਾ ਨੂੰ ਅਹਿਮ ਜ਼ਿੰਮੇਦਾਰੀ ਸੌਂਪੀ ਗਈ। 2004 ਤੋਂ 2006 ਤੱਕ ਪ੍ਰਣਬ ਮੁਖਰਜੀ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਤਾਂ 2006 ਤੋਂ 2009 ਤੱਕ ਪ੍ਰਣਬ ਦਾ ਦੇ ਜਿੰਮੇ ਵਿਦੇਸ਼ ਮੰਤਰਾਲਾ ਸੌਂਪ ਦਿੱਤਾ ਗਿਆ। ਵਿਦੇਸ਼ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ ਭਾਰਤ ਦਾ ਅਮਰੀਕੀ ਸਰਕਾਰ ਦੇ ਨਾਲ ਗ਼ੈਰ ਫ਼ੌਜੀ ਪ੍ਰਮਾਣੁ ਸਮਝੌਤੇ ਕਰਵਾਏ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਵਿਰਾਸਤ ਕਹੀ ਜਾ ਸਕਦੀ ਹੈ। ਇਸ ਇੱਕ ਦੋ ਤਿੰਨ ਸਮਝੌਤੇ ਨਾਲ ਪ੍ਰਮਾਣੁ ਗੈਰ-ਪ੍ਰਸਾਰ ਸੰਧੀ 'ਤੇ ਦਸਤਖ਼ਤ ਨਹੀਂ ਕਰਨ ਦੇ ਬਾਵਜੂਦ। ਭਾਰਤ ਨਿਊਕਲੀਅਰ ਸਪਲਾਇਰ ਗਰੁੱਪ  ਨਾਲ ਸਮਝੌਤਾ ਕਰਨ 'ਚ ਸਫਲ ਰਿਹਾ ਯਾਨੀ ਪ੍ਰਣਬ ਦਾ ਨੇ ਭਾਰਤ ਨੂੰ ਨਿਊਕਲੀਅਰ ਅਪਰਥਾਈਡਜ਼ ਤੋਂ ਆਜ਼ਾਦ ਕਰਵਾਇਆ।

2012 'ਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਨੇ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਕੈਂਡੀਡੇਟ ਐਲਾਨ ਕੀਤਾ। ਉਨ੍ਹਾਂ ਨੇ ਇਸ ਚੋਣ 'ਚ ਜਿੱਤ ਹਾਸਲ ਕੀਤੀ ਅਤੇ 25 ਜੁਲਾਈ 2012 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। 2012 ਤੋਂ 2017  ਦੇ ਕਾਰਜਕਾਲ 'ਚ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ 'ਚ ਆਪਣੀ ਅਮਿੱਟ ਛਾਪ ਛੱਡੀ। 50 ਸਾਲ ਤੋਂ ਲੰਬੇ ਕਾਰਜਕਾਲ 'ਚ ਉਨ੍ਹਾਂ ਨੇ ਭਾਰਤ ਦੀ ਤਨ ਅਤੇ ਮਨ ਨਾਲ ਸੇਵਾ ਕੀਤੀ। ਉਨ੍ਹਾਂ ਦੀ ਇਸ ਸੇਵਾ ਨੂੰ ਧਿਆਨ 'ਚ ਰੱਖ ਕੇ ਭਾਰਤ ਸਰਕਾਰ ਨੇ 26 ਜਨਵਰੀ 2019 ਨੂੰ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਭਾਰਤ ਦੀਆਂ ਆਉਣ ਵਾਲੀਆਂ ਪੀੜੀਆਂ ਪ੍ਰਣਬ ਮੁਖਰਜੀ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।


author

Inder Prajapati

Content Editor

Related News