ਪ੍ਰਜਵਲ ਰੇਵੰਨਾ ਦੀਆਂ ਵਧਣਗੀਆਂ ਮੁਸ਼ਕਿਲਾਂ, SIT ਨੇ ਫਾਈਲ ਕੀਤੀ 2 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ

Saturday, Aug 24, 2024 - 09:13 PM (IST)

ਨੈਸ਼ਨਲ ਡੈਸਕ- ਪ੍ਰਜਵਲ ਰੇਵੰਨਾ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ  2,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿੱਚ ਲਗਭਗ 150 ਗਵਾਹਾਂ ਦੇ ਬਿਆਨ ਸ਼ਾਮਲ ਹਨ। ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਐਸ.ਆਈ.ਟੀ. ਨੇ ਮਾਹਿਰਾਂ ਦੀ ਰਾਏ ਵੀ ਲਈ ਸੀ। ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਖਿਲਾਫ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਅਤੇ ਉਨ੍ਹਾਂ ਦੇ ਪਿਤਾ ਵਿਧਾਇਕ ਐੱਚ.ਡੀ. ਰੇਵੰਨਾ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਚਾਰਜਸ਼ੀਟ 'ਚ 150 ਗਵਾਹਾਂ ਦੇ ਬਿਆਨ ਦਰਜ

ਐੱਸ.ਆਈ.ਟੀ. ਨੇ ਪ੍ਰਜਵਲ ਰੇਵੰਨਾ ਖਿਲਾਫ ਚਾਰ ਮਾਮਲਿਆਂ ਦੀ ਜਾਂਚ ਕੀਤੀ ਹੈ। ਚਾਰਜਸ਼ੀਟ 'ਚ 2,000 ਤੋਂ ਵੱਧ ਪੰਨਿਆਂ 'ਤੇ ਕਰੀਬ 150 ਗਵਾਹਾਂ ਦੇ ਬਿਆਨ ਸ਼ਾਮਲ ਹਨ। ਇਸ ਵਿੱਚ ਰੇਵੰਨਾ ਪਰਿਵਾਰ ਦੀ ਇੱਕ ਘਰੇਲੂ ਨੌਕਰ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਦੋਸ਼ ਵੀ ਸ਼ਾਮਲ ਹਨ। ਚਾਰਜਸ਼ੀਟ ਵਿੱਚ ਘਟਨਾ ਵਾਲੀ ਥਾਂ ਦੀ ਜਾਂਚ, ਜੈਵਿਕ, ਭੌਤਿਕ, ਵਿਗਿਆਨਕ, ਮੋਬਾਈਲ, ਡਿਜੀਟਲ ਅਤੇ ਹੋਰ ਸਬੰਧਤ ਸਬੂਤ ਵੀ ਨੱਥੀ ਕੀਤੇ ਗਏ ਹਨ। ਇਹ ਚਾਰਜਸ਼ੀਟ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਪੂਰੇ ਕੇਸ ਨਾਲ ਸਬੰਧਤ ਅਹਿਮ ਸਬੂਤ ਅਤੇ ਗਵਾਹਾਂ ਦੇ ਬਿਆਨਾਂ ਨੂੰ ਇਕੱਤਰ ਕੀਤਾ ਗਿਆ ਹੈ।

ਚਾਰਜਸ਼ੀਟ ਦਾਖਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਈ

ਐੱਸ.ਆਈ.ਟੀ. ਨੇ ਚਾਰਜਸ਼ੀਟ ਦਾਖਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਈ ਸੀ। ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਦੇ ਮੁਖੀ ਐੱਚ.ਡੀ. ਦੇਵਗੌੜਾ ਦੇ ਪੁੱਤਰ ਅਤੇ ਵਿਧਾਇਕ ਐੱਚ.ਡੀ. ਰੇਵੰਨਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ 354 (ਏ) ਤਹਿਤ ਦੋਸ਼ ਲਗਾਏ ਗਏ ਹਨ। ਉਥੇ ਹੀ ਉਨ੍ਹਾਂ ਦੇ 33 ਸਾਲਾ ਪੁੱਤਰ ਪ੍ਰਜਵਲ ਰੇਵੰਨਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 376,376 (2) (ਕੇ), 354, 354 (ਬੀ) ਤਹਿਤ ਦੋਸ਼ ਹਨ। 


Rakesh

Content Editor

Related News