ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਕਵਾਇਦ ਸ਼ੁਰੂ, ਭਾਰਤ ਮੰਡਪਮ ਇਕ ਬਦਲ
Sunday, Jun 02, 2024 - 06:45 PM (IST)
ਨਵੀਂ ਦਿੱਲੀ- ਰਾਸ਼ਟਰਪਤੀ ਭਵਨ 4 ਜੂਨ ਤੋਂ ਬਾਅਦ ਨਵੀਂ ਚੁਣੀ ਜਾਣ ਵਾਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰਨ ਦੀ ਤਿਆਰੀ ਕਰ ਰਿਹਾ ਹੈ। ਆਮ ਤੌਰ ’ਤੇ ਅਸ਼ੋਕਾ ਤੇ ਦਰਬਾਰ ਹਾਲਾਂ ’ਚ ਸਹੁੰ ਚੁੱਕ ਸਮਾਗਮ ਹੁੰਦੇ ਰਹੇ ਹਨ। ਜੇ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਵਾਪਸੀ ਕਰਦੇ ਹਨ ਤਾਂ ਅੱਤ ਦੀ ਗਰਮੀ ਨੂੰ ਧਿਆਨ ’ਚ ਰਖਦਿਆਂ ਸਮਾਗਮ ਵਾਲੀ ਥਾਂ ਬਦਲੀ ਜਾ ਸਕਦੀ ਹੈ।
2014 ਤੇ 2019 ’ਚ ਮੋਦੀ ਨੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਵਾਲੀ ਖੁਲ੍ਹੀ ਥਾਂ ਦੀ ਚੋਣ ਆਪਣੇ ਤੇ ਮੰਤਰੀ ਮੰਡਲ ਦੇ ਸਹੁੰ ਚੁੱਕਣ ਲਈ ਕੀਤੀ ਸੀ। ਉਦੋਂ ਸਮਾਰੋਹ ’ਚ 4,000 ਤੋਂ ਵੱਧ ਮਹਿਮਾਨ ਸ਼ਾਮਲ ਹੋਏ ਸਨ।
ਇਸ ਵਾਰ ਵਧੇਰੇ ਗਰਮ ਮੌਸਮ ਕਾਰਨ ਅਜਿਹਾ ਸੰਭਵ ਨਹੀਂ ਲਗਦਾ। ਸੁਰੱਖਿਆ ਏਜੰਸੀਆਂ ਰਾਸ਼ਟਰਪਤੀ ਭਵਨ ਦੇ ਤਾਲਮੇਲ ਨਾਲ ਪ੍ਰਗਤੀ ਮੈਦਾਨ ਕੰਪਲੈਕਸ ’ਚ ‘ਭਾਰਤ ਮੰਡਪਮ’ ’ਚ ਸਮਾਰੋਹ ਆਯੋਜਿਤ ਕਰਨ ਦੀ ਸੰਭਾਵਨਾ ਦਾ ਪਤਾ ਲਾ ਰਹੀਆਂ ਹਨ।
ਇੰਡੀਆ ਗੇਟ ਨੇੜੇ ਹੋਰ ਵੀ ਥਾਵਾਂ ਵੀ ਹਨ ਜਿਵੇਂ ਕਿ ਕਾਰਤਵਯ ਮਾਰਗ ਤੇ ਰਾਸ਼ਟਰੀ ਯੁੱਧ ਸਮਾਰਕ, ਪਰ ਅਤਿ ਦੀ ਗਰਮੀ ਮਹਿਮਾਨਾਂ ਲਈ ਸਮੱਸਿਆ ਪੈਦਾ ਕਰੇਗੀ। ਮੋਦੀ ਭਾਰਤ ਮੰਡਪਮ ਦੀ ਵਰਤੋਂ ਕਰਦੇ ਰਹੇ ਹਨ । ਉੱਥੇ ਜੀ-20 ਸੰਮੇਲਨ ਸਮੇਤ ਕਈ ਵੱਡੇ ਸਮਾਗਮ ਹੋ ਚੁੱਕੇ ਹਨ। ਸਹੁੰ ਚੁੱਕ ਸਮਾਗਮ ਨੂੰ ਲੈ ਕੇ ਕੁਝ ਦਿਨ ਉਥੇ ਕਵਾਇਦ ਕੀਤੀ ਗਈ ਸੀ। ਜੇ ਇਹ ਸਮਾਰੋਹ ਭਾਰਤ ਮੰਡਪਮ ’ਚ ਆਯੋਜਿਤ ਕੀਤਾ ਜਾਂਦਾ ਹੈ ਤਾਂ ਇਹ ਬੀਤੇ ਸਮਾਰੋਹਾਂ ਤੋਂ ਬਿਲਕੁਲ ਵੱਖਰਾ ਹੋਵੇਗਾ ਕਿਉਂਕਿ ਇਹ ਰਾਸ਼ਟਰਪਤੀ ਭਵਨ ਦਾ ਹਿੱਸਾ ਨਹੀਂ ਹੈ। ਥਾਂ ਬਾਰੇ ਅੰਤਿਮ ਫੈਸਲਾ 4 ਜੂਨ ਤੋਂ ਬਾਅਦ ਹੀ ਲਿਆ ਜਾਵੇਗਾ । ਇਹ ਮਹਿਮਾਨਾਂ ਦੀ ਗਿਣਤੀ ’ਤੇ ਨਿਰਭਰ ਕਰੇਗਾ।
ਜੇ ‘ਇੰਡੀਆ’ ਗੱਠਜੋੜ ਨੂੰ ਬਹੁਮਤ ਮਿਲਦਾ ਹੈ ਤਾਂ ਸਮਾਰੋਹ ਰਾਸ਼ਟਰਪਤੀ ਭਵਨ ਦੇ ਅੰਦਰ ਹੋ ਸਕਦਾ ਹੈ। ਰਵਾਇਤੀ ਤੌਰ ’ਤੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਪੀ.ਵੀ. ਨਰਸਿਮ੍ਹਾ ਰਾਓ ਅਤੇ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀਆਂ ਕਾਂਗਰਸ ਸਰਕਾਰਾਂ ਨੇ ਅਸ਼ੋਕਾ ਹਾਲ ਤੇ ਦਰਬਾਰ ਹਾਲ ’ਚ ਹੀ ਸਹੁੰ ਚੁੱਕੀ ਸੀ।
ਇਸ ਪਰੰਪਰਾ ਨੂੰ ਸਭ ਤੋਂ ਪਹਿਲਾਂ ਚੰਦਰਸ਼ੇਖਰ ਨੇ ਤੋੜਿਆ ਸੀ ਜਿਨ੍ਹਾਂ ਨੇ 10 ਨਵੰਬਰ 1990 ਨੂੰ ਰਾਸ਼ਟਰਪਤੀ ਭਵਨ ਦੇ ਖੁਲ੍ਹੇ ਵਿਹੜੇ ’ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਕਰਵਾਉਣ ਲਈ ਜ਼ੋਰ ਪਾਇਆ ਸੀ। ਅਟਲ ਬਿਹਾਰੀ ਵਾਜਪਾਈ ਨੇ ਵੀ 1996 ਤੇ 1998 ’ਚ ਰਾਸ਼ਟਰਪਤੀ ਭਵਨ ਦੇ ਵਿਹੜੇ ’ਚ ਹੀ ਸਹੁੰ ਚੁੱਕੀ ਸੀ।