ਦੀਵਾਲੀ ''ਤੇ ਨਿਵੇਸ਼ ਦਾ ਸ਼ਾਨਦਾਰ ਮੌਕਾ, ਹਰ ਮਹੀਨੇ ਮਿਲੇਗੀ ਗਾਰੰਟੀਸ਼ੁਦਾ ਆਦਮਨ

Wednesday, Oct 23, 2024 - 11:42 AM (IST)

ਨਵੀਂ ਦਿੱਲੀ- ਪੋਸਟ ਆਫਿਸ ਵਿਚ ਹਰ ਉਮਰ ਅਤੇ ਵਰਗ ਲਈ ਬਹੁਤ ਸਾਰੀਆਂ ਸਰਕਾਰੀ ਬੱਚਤ ਸਕੀਮਾਂ ਹਨ, ਜੋ ਨਾ ਸਿਰਫ਼ ਵਧੀਆ ਰਿਟਰਨ ਦਿੰਦੀਆਂ ਹਨ ਸਗੋਂ ਨਿਵੇਸ਼ ਦੀ ਸੁਰੱਖਿਆ ਦੀ ਗਾਰੰਟੀ ਵੀ ਦਿੰਦੀਆਂ ਹਨ। ਇਨ੍ਹਾਂ ਵਿਸ਼ੇਸ਼ ਸਕੀਮਾਂ 'ਚੋਂ ਇਕ ਪੋਸਟ ਆਫਿਸ ਮਹੀਨੇਵਾਰ ਆਮਦਨ ਸਕੀਮ (POMIS) ਹੈ, ਜੋ ਹਰ ਮਹੀਨੇ ਨਿਯਮਤ ਆਮਦਨ ਦੀ ਸਹੂਲਤ ਦਿੰਦੀ ਹੈ। ਜੇਕਰ ਤੁਸੀਂ ਇਸ ਦੀਵਾਲੀ 'ਤੇ ਨਿਵੇਸ਼ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਸਕੀਮ ਬਿਹਤਰ ਬਦਲ ਹੋ ਸਕਦੀ ਹੈ। ਦੀਵਾਲੀ ਮੌਕੇ ਪੋਸਟ ਆਫਿਸ ਮਹੀਨਾਵਾਰ ਆਮਦਨ ਸਕੀਮ ਇਕ ਵਧੀਆ ਨਿਵੇਸ਼ ਬਦਲ ਹੋ ਸਕਦੀ ਹੈ, ਜੋ ਸੁਰੱਖਿਅਤ ਅਤੇ ਗਾਰੰਟੀਸ਼ੁਦਾ ਰਿਟਰਨ ਦੇ ਨਾਲ ਹਰ ਮਹੀਨੇ ਤੁਹਾਡੀ ਆਮਦਨ ਨੂੰ ਯਕੀਨੀ ਬਣਾਉਂਦੀ ਹੈ।

7.4% ਦੀ ਆਕਰਸ਼ਕ ਵਿਆਜ ਦਰ

ਡਾਕਘਰ ਦੀ ਇਹ ਮਹੀਨਾਵਾਰ ਆਮਦਨ ਯੋਜਨਾ 7.4% ਦੀ ਵਿਆਜ ਦਰ 'ਤੇ ਸ਼ਾਨਦਾਰ ਰਿਟਰਨ ਦਿੰਦੀ ਹੈ। ਇਸ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ 'ਚ ਨਿਵੇਸ਼ ਕਰਨ ਨਾਲ ਮਹੀਨਾਵਾਰ ਆਮਦਨ ਬਾਰੇ ਤੁਹਾਡੀ ਚਿੰਤਾ ਦੂਰ ਹੋ ਜਾਂਦੀ ਹੈ। ਇਸ ਸਰਕਾਰੀ ਸਕੀਮ ਦੀ ਮਿਆਦ ਪੂਰੀ ਹੋਣ ਦਾ ਸਮਾਂ 5 ਸਾਲ ਹੈ ਅਤੇ ਖਾਤਾ ਖੋਲ੍ਹਣ ਤੋਂ ਇਕ ਸਾਲ ਬਾਅਦ ਤੱਕ ਇਸ 'ਚੋਂ ਪੈਸੇ ਨਹੀਂ ਕੱਢੇ ਜਾ ਸਕਦੇ। ਤੁਸੀਂ ਇਸ ਸਕੀਮ 'ਚ ਸਿਰਫ਼ 1000 ਰੁਪਏ 'ਚ ਖਾਤਾ ਖੋਲ੍ਹ ਸਕਦੇ ਹੋ।

9 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ

POMIS ਦੇ ਤਹਿਤ ਨਿਵੇਸ਼ਕਾਂ ਲਈ ਨਿਵੇਸ਼ ਦੀ ਸੀਮਾ 9 ਲੱਖ ਰੁਪਏ ਤੱਕ ਹੈ, ਜਦੋਂ ਕਿ ਜੁਆਇੰਟ ਖਾਤਿਆਂ ਲਈ ਇਹ ਸੀਮਾ 15 ਲੱਖ ਰੁਪਏ ਤੈਅ ਕੀਤੀ ਗਈ ਹੈ। ਇਹ ਸੀਮਾ 1 ਅਪ੍ਰੈਲ 2023 ਤੋਂ ਲਾਗੂ ਕਰ ਦਿੱਤੀ ਗਈ ਹੈ। ਇਸ ਸਕੀਮ 'ਚ ਇਕ ਵਾਰ ਨਿਵੇਸ਼ ਕਰਨ ਤੋਂ ਬਾਅਦ ਤੁਹਾਨੂੰ ਹਰ ਮਹੀਨੇ ਗਾਰੰਟੀਸ਼ੁਦਾ ਆਮਦਨ ਦੀ ਸਹੂਲਤ ਮਿਲਦੀ ਹੈ।

ਸਕੀਮ ਨੂੰ ਬੰਦ ਕਰਨਾ ਘਾਟੇ ਵਾਲਾ ਸੌਦਾ

ਇਸ ਸਕੀਮ ਵਿਚ ਖਾਤਾ ਖੋਲ੍ਹਣ ਤੋਂ ਬਾਅਦ ਇਕ ਸਾਲ ਤੱਕ ਬੰਦ ਨਹੀਂ ਕਰਵਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ 3 ਸਾਲਾਂ ਤੋਂ ਪਹਿਲਾਂ ਬੰਦ ਕਰਦੇ ਹੋ, ਤਾਂ 2 ਫੀਸਦੀ ਦੀ ਦਰ ਨਾਲ ਚਾਰਜ ਲਾਗੂ ਹੁੰਦਾ ਹੈ। ਇਸ ਦੇ ਨਾਲ ਹੀ 3 ਤੋਂ 5 ਸਾਲ ਦੇ ਵਿਚਕਾਰ ਬੰਦ ਹੋਣ 'ਤੇ 1 ਫੀਸਦੀ ਦਾ ਚਾਰਜ ਵਸੂਲਿਆ ਜਾਂਦਾ ਹੈ।

ਮਹੀਨਾਵਾਰ ਆਮਦਨ ਦੀ ਕੈਲਕੁਲੇਸ਼ਨ

ਇਸ ਸਕੀਮ ਤਹਿਤ ਜੇਕਰ ਤੁਸੀਂ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ 7.4 ਫੀਸਦੀ ਵਿਆਜ ਦਰ ਦੇ ਹਿਸਾਬ ਨਾਲ ਹਰ ਮਹੀਨੇ 3,084 ਰੁਪਏ ਦੀ ਆਮਦਨੀ ਮਿਲੇਗੀ। ਜਦੋਂ ਕਿ ਜੇਕਰ ਤੁਸੀਂ 9 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 5,550 ਰੁਪਏ ਮਿਲਣਗੇ। ਤੁਸੀਂ ਇਸ ਵਿਆਜ ਦੀ ਆਮਦਨ ਨੂੰ ਮਹੀਨਾਵਾਰ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਆਧਾਰ 'ਤੇ ਵੀ ਲੈ ਸਕਦੇ ਹੋ।

ਖਾਤਾ ਕਿਵੇਂ ਖੋਲ੍ਹਣਾ ਹੈ

ਮਹੀਨਾਵਾਰ ਆਮਦਨ ਸਕੀਮ ਤਹਿਤ ਖਾਤਾ ਖੋਲ੍ਹਣਾ ਬਹੁਤ ਸੌਖਾ ਹੈ। ਤੁਹਾਨੂੰ ਆਪਣੇ ਨਜ਼ਦੀਕੀ ਡਾਕਘਰ ਜਾ ਕੇ ਲੋੜੀਂਦੇ ਦਸਤਾਵੇਜ਼ਾਂ ਨਾਲ ਅਪਲਾਈ ਕਰਨਾ ਹੋਵੇਗਾ। ਖਾਤਾ ਖੋਲ੍ਹਣ ਲਈ ਫਾਰਮ ਨੂੰ KYC ਦਸਤਾਵੇਜ਼ਾਂ ਅਤੇ ਪੈਨ ਕਾਰਡ ਦੇ ਨਾਲ ਭਰਨਾ ਅਤੇ ਜਮ੍ਹਾ ਕਰਨਾ ਹੁੰਦਾ  ਹੈ। ਜੁਆਇੰਟ ਖਾਤੇ ਦੇ ਮਾਮਲੇ ਵਿਚ ਵੀ ਸਾਰੇ ਖਾਤਾ ਧਾਰਕਾਂ ਦੇ KYC ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਂਦੇ ਹਨ। ਧਿਆਨ ਰੱਖੋ ਕਿ ਫਾਰਮ ਭਰਦੇ ਸਮੇਂ ਸਾਰੀ ਜਾਣਕਾਰੀ ਸਹੀ ਢੰਗ ਨਾਲ ਭਰੋ।


Tanu

Content Editor

Related News