ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਨਸ਼ੀਲੇ ਪਦਾਰਥਾਂ ਦੇ ਵੱਡੇ ਕੇਂਦਰ

Sunday, Dec 14, 2025 - 12:16 AM (IST)

ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਨਸ਼ੀਲੇ ਪਦਾਰਥਾਂ ਦੇ ਵੱਡੇ ਕੇਂਦਰ

ਨੈਸ਼ਨਲ ਡੈਸਕ- ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਸਭ ਤੋਂ ਵੱਡੇ ਗੇਟਵੇ ਜਾਂ ਕੇਂਦਰ ਬਣ ਗਈਆਂ ਹਨ। ਗੁਜਰਾਤ ਦੀਆਂ ਬੰਦਰਗਾਹਾਂ ’ਚੋਂ ਮੁੰਦਰਾ ਤੇ ਗਾਂਧੀਧਾਮ ਮੋਹਰੀ ਹਨ। ਕੁੱਲ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ’ਚੋਂ ਲਗਭਗ 65 ਫੀਸਦੀ ਦਾ ‘ਯੋਗਦਾਨ’ ਇਨ੍ਹਾਂ ਬੰਦਰਗਾਹਾਂ ਨੇ ਹੀ ਪਾਇਅਾ ਹੈ। ਇਨ੍ਹਾਂ ਦੀ ਕੀਮਤ ਲਗਭਗ 7,300 ਕਰੋੜ ਰੁਪਏ ਦੱਸੀ ਗਈ ਹੈ।

2021 ’ਚ ਮੁੰਦਰਾ ’ਚ 2988 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਸੀ। ਇਸ ਬਰਾਮਦਗੀ ਨੇ ਸੂਬੇ ਦੇ ਵਿਸ਼ਵਪੱਧਰੀ ਡਰੱਗ ਸਮੱਗਲਰਾਂ ਦਾ ਧਿਅਾਨ ਖਿੱਚਿਅਾ। ਉਪਲਬਧ ਅੰਕੜਿਆਂ ਅਨੁਸਾਰ 2020 ਤੇ 2024 ਦਰਮਿਅਾਨ ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ ਮੁੰਬਈ ਤੇ ਰਾਏਗੜ੍ਹ ਕੰਟੇਨਰ ਮਾਲ ਸਟੇਸ਼ਨਾਂ ’ਤੇ 2367 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਜੋ ਦੇਸ਼ ਦੀ ਕੁੱਲ ਬਰਾਮਦਗੀ ਦਾ 20.9 ਫੀਸਦੀ ਬਣਦਾ ਹੈ।

2020 ’ਚ 191 ਤੇ 2021 ’ਚ 294 ਕਿਲੋ ਹੈਰੋਇਨ ਜ਼ਬਤ ਕਰਨ ਨਾਲ ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ ਮੁੰਬਈ ਦੀ ਵਧਦੀ ਭੂਮਿਕਾ ਸਪੱਸ਼ਟ ਸੀ, ਜਦੋਂ ਕਿ 2022 ’ਚ ਹੈਰੋਇਨ, ਮੈਥਾਮਫੇਟਾਮਾਈਨ ਤੇ ਕੋਕੀਨ ਦੀ ਬਰਾਮਦਗੀ ’ਚ ਵੀ ਵਾਧਾ ਹੋਇਆ।

ਕੁੱਲ ਮਿਲਾ ਕੇ ਗੁਜਰਾਤ ਤੇ ਮਹਾਰਾਸ਼ਟਰ ਨੇ ਮਿਲ ਕੇ ਬੰਦਰਗਾਹ-ਅਾਧਾਰਤ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਦੀ 85 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਵਿਖਾਈ। ਤਾਮਿਲਨਾਡੂ 13.4 ਫੀਸਦੀ ਨਾਲ ਦੂਜੇ ਨੰਬਰ 'ਤੇ ਹੈ ਜਦੋਂ ਕਿ ਪੱਛਮੀ ਬੰਗਾਲ ਬਹੁਤ ਪਿੱਛੇ ਸੀ।

ਇਨ੍ਹਾਂ ਤੋਂ ਇਲਾਵਾ ਤਾਮਿਲਨਾਡੂ ਦੀ ਤੂਤੀਕੋਰਿਨ ਬੰਦਰਗਾਹ ਤੋਂ 2021 ’ਚ 1515 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਗਈ, ਜਿਸ ਨਾਲ ਇਹ ਤੀਜਾ ਸਭ ਤੋਂ ਵੱਡਾ ਹੌਟ ਸਪਾਟ ਕੇਂਦਰ ਬਣ ਗਿਆ। ਇਸ ਦੇ ਉਲਟ ਪੱਛਮੀ ਬੰਗਾਲ ’ਚ ਕੋਲਕਾਤਾ ਬੰਦਰਗਾਹ ਤੋਂ ਸਿਰਫ਼ 78 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਜੋ ਕੁੱਲ ਬਰਾਮਦਗੀ ਦਾ ਸਿਰਫ਼ 0.7 ਫੀਸਦੀ ਹੈ।

ਅਧਿਕਾਰਤ ਅੰਕੜਿਆਂ ’ਚ ਕਿਹਾ ਗਿਆ ਹੈ ਕਿ ਪਿਛਲੇ 5 ਸਾਲਾਂ ’ਚ ਵਿਸ਼ਾਖਾਪਟਨਮ, ਕੋਚੀਨ, ਚੇਨਈ, ਮੰਗਲੁਰੂ, ਪਾਰਾਦੀਪ, ਕਾਂਡਲਾ ਜਾਂ ਪੋਰਟ ਬਲੇਅਰ ’ਚ ਕੋਈ ਜ਼ਬਤ ਦਰਜ ਨਹੀਂ ਕੀਤੀ ਗਈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਬੰਦਰਗਾਹਾਂ ਸਮੱਗਲਿੰਗ ਤੋਂ ਮੁਕਤ ਹਨ। ਇਹ ਸਮੱਗਲਰਾਂ ਦੀ ਵੱਡੀ ਮਾਤਰਾ ਵਾਲੇ ਪੱਛਮੀ ਗੇਟਵੇ ’ਤੇ ਘੱਟ ਪਛਾਣ ਜਾਂ ਨਿਰਭਰਤਾ ਦਿਖਾ ਸਕਦੀਆਂ ਹਨ ।

ਕਿਹਾ ਜਾਂਦਾ ਹੈ ਕਿ ਗੁਜਰਾਤ ਤੇ ਮਹਾਰਾਸ਼ਟਰ ’ਚ ਜ਼ਬਤੀਆਂ ਦਾ ਇਕੱਠਾ ਹੋਣਾ ਕਾਰਗੋ ਦੀ ਮਾਤਰਾ ਤੇ ਗਲੋਬਲ ਰੂਟਾਂ ਦੀ ਨੇੜਤਾ ਨੂੰ ਦਰਸਾਉਂਦਾ ਹੈ। ਵਧੇਰੇ ਮਾਮਲਿਆਂ ’ਚ ਅਜੇ ਵੀ ਟਰਾਇਲ ਚੱਲ ਰਹੇ ਹਨ, ਇਸ ਲਈ ਅਸਲ ਚੁਣੌਤੀ ਇਨ੍ਹਾਂ ਖੇਪਾਂ ਦੇ ਪਿੱਛੇ ਨੈੱਟਵਰਕਾਂ ਨੂੰ ਖਤਮ ਕਰਨਾ ਹੈ।

ਭਾਰਤੀ ਬੰਦਰਗਾਹਾਂ ਤੋਂ ਨਸ਼ੀਲੇ ਪਦਾਰਥਾਂ ਦੀ ਜ਼ਬਤੀ (2020–2024)

ਸੂਬਾ 2020-2024 - ਮਾਤਰਾ (ਕਿਲੋਗ੍ਰਾਮ) ਕੁੱਲ ਕੀਮਤ #

ਗੁਜਰਾਤ

3407 94.19 ਲੱਖ* 7,350

ਮਹਾਰਾਸ਼ਟਰ

1214 2,367

ਤਾਮਿਲਨਾਡੂ

303 1,515

ਪੱਛਮੀ ਬੰਗਾਲ

39 1000** 78

ਕੁੱਲ

4963 11,310

* ਗੋਲੀਆਂ, **ਟੀਕੇ, #ਕਰੋੜ


author

Rakesh

Content Editor

Related News