ਛੱਤੀਸਗੜ੍ਹ ''ਚ ਮੁਕਾਬਲੇ ਦੌਰਾਨ ਨਕਸਲੀ ਅਤੇ ਪੁਲਸ ਮੁਲਾਜ਼ਮ ਦੀ ਮੌਤ
Sunday, Mar 03, 2024 - 03:37 PM (IST)
ਕਾਂਕੇਰ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਐਤਵਾਰ ਨੂੰ ਮੁਕਾਬਲੇ ਦੌਰਾਨ ਇਕ ਪੁਲਸ ਕਾਂਸਟੇਬਲ ਅਤੇ ਇਕ ਨਕਸਲੀ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇੰਸਪੈਕਟਰ ਜਨਰਲ ਆਫ਼ ਪੁਲਸ (ਬਸਤਰ ਖੇਤਰ) ਸੁੰਦਰਰਾਜ ਪੀ. ਨੇ ਦੱਸਿਆ ਕਿ ਨਕਸਲ ਰੋਕੂ ਮੁਹਿੰਮ ਤਹਿਤ ਸੰਯੁਕਤ ਬਲਾਂ ਦੇ ਇਕ ਦਲ ਦੀ ਕਾਰਵਾਈ ਦੌਰਾਨ ਛੋਟੇ ਬੇਠੀਆ ਥਾਣੇ ਤਹਿਤ ਹਿਦੁਰ ਪਿੰਡ ਕੋਲ ਇਕ ਜੰਗਲ ਵਿਚ ਮੁਕਾਬਲਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਹਿਦੁਰ ਜੰਗਲ ਵਿਚ ਨਕਸਲੀਆਂ ਦੀ ਮੌਜੂਦਗੀ ਬਾਰੇ ਇਕ ਵਿਸ਼ੇਸ਼ ਜਾਣਕਾਰੀ ਮਿਲਣ ਦੇ ਆਧਾਰ 'ਤੇ ਮੁਹਿੰਮ ਸ਼ੁਰੂ ਕੀਤੀ ਸੀ।
ਸੁੰਦਰਰਾਜ ਨੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ), ਬਸਤਰ ਲੜਾਕਿਆਂ ਦੇ ਜਵਾਨ, ਸੀਮਾ ਸੁਰੱਖਿਆ ਬਲ (ਬੀ. ਐਸ. ਐਫ) ਅਤੇ ਜ਼ਿਲ੍ਹਾ ਬਲ ਦੇ ਜਵਾਨ ਇਸ ਕਾਰਵਾਈ ਵਿਚ ਸ਼ਾਮਲ ਸਨ। ਅਧਿਕਾਰੀ ਨੇ ਦੱਸਿਆ ਕਿ ਗਸ਼ਤੀ ਟੀਮ ਜੰਗਲ ਦੀ ਘੇਰਾਬੰਦੀ ਕਰ ਰਹੀ ਸੀ ਜਦੋਂ ਨਕਸਲੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੁੰਦਰਰਾਜ ਨੇ ਕਿਹਾ, ''ਬਸਤਰ ਫਾਈਟਰਜ਼ ਦੇ ਕਾਂਸਟੇਬਲ ਰਮੇਸ਼ ਕੁਰੇਠੀ ਮੁਕਾਬਲੇ 'ਚ ਸ਼ਹੀਦ ਹੋ ਗਏ। ਮੌਕੇ ਤੋਂ ਇਕ ਨਕਸਲੀ ਦੀ ਲਾਸ਼ ਮਿਲੀ ਹੈ ਅਤੇ ਇਕ ਏਕੇ-47 ਰਾਈਫਲ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਕੁਰੇਠੀ ਕਾਂਕੇਰ ਜ਼ਿਲ੍ਹੇ ਦੇ ਪਖਨਜੂਰ ਖੇਤਰ ਦੇ ਸੰਗਮ ਪਿੰਡ ਦਾ ਰਹਿਣ ਵਾਲਾ ਸੀ।