ਮਾਈਨਸ 20 ਡਿਗਰੀ ਤਾਪਮਾਨ ’ਚ ਵੀ ਪੁਲਸ ਕਰੇਗੀ ਕੇਦਾਰਨਾਥ ਧਾਮ ਦੀ ਸੁਰੱਖਿਆ

Friday, Nov 04, 2022 - 02:11 PM (IST)

ਰੁਦਰਪ੍ਰਯਾਗ– ਗਰਭਗ੍ਰਹਿ ਦੀਆਂ ਕੰਧਾਂ ’ਤੇ ਸੋਨਾ ਚੜਾਏ ਜਾਣ ਤੋਂ ਬਾਅਦ ਕੇਦਾਰਨਾਥ ਧਾਮ ਦੀ ਸੁਰੱਖਿਆ ਵਿਵਸਥਾ ’ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਯਾਤਰਾਕਾਲ ਦੇ ਨਾਲ ਹੀ ਸਰਦੀ ਦੇ ਮੌਸਮ ’ਚ ਵੀ ਧਾਮ ਪੁਲਸ ਅਤੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੀ ਨਿਗਰਾਨੀ ’ਚ ਰਹੇਗਾ।

ਧਾਮ ’ਚ ਸਰਦੀਆਂ ਦੇ ਮੌਸਮ ਲਈ ਇਕ ਸਬ-ਇੰਸਪੈਕਟਰ ਸਮੇਤ 12 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਦਕਿ, ਸਬ-ਇੰਸਪੈਕਟਰ ਗੁਪਤਕਾਸ਼ੀ ਇਸ ਮਿਆਦ ’ਚ ਫਾਟਾ ਤੋਂ ਸੁਰੱਖਿਆ ਵਿਵਸਥਾ ’ਤੇ ਨਜ਼ਰ ਰੱਖਣਗੇ। ਨਾਲ ਹੀ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਵੀ ਧਾਮ ਦੀ ਸੁਰੱਖਿਆ ਵਿਵਸਥਾ ’ਤੇ ਨਜ਼ਰ ਰੱਖੀ ਜਾਵੇਗੀ। 

ਇਸ ਵਾਰ ਬੀਤੀ 27 ਅਕਤੂਬਰ ਨੂੰ ਮੰਦਰ ਦੇ ਕਪਾਟ ਬੰਦ ਹੋਣ ਤੋਂ ਪਹਿਲਾਂ ਕਰੀਬ 230 ਕਿਲੋ ਸੋਨੇ ਨਾਲ ਧਾਮ ਦੇ ਗਰਭਗ੍ਰਹਿ ਨੂੰ ਸਜਾਇਆ ਗਿਆ ਸੀ। ਇਸਨੂੰ ਦੇਖਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਸ਼ਾਸਨ ਨੂੰ ਧਾਮ ਦੀ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ ਸੀ। ਇਸੇ ਕੜੀ ’ਚ ਸਰਕਾਰ ਨੇ ਮੰਦਰ ਦੀ ਸੁਰੱਖਿਆ ਵਿਵਸਥਾ ’ਚ ਬਦਲਾਅ ਦਾ ਫੈਸਲਾ ਲਿਆ। 

ਪਹਿਲਾਂ ਦੇ ਸਾਲਾਂ ’ਚ ਧਾਮ ਦੇ ਕਪਾਟ ਬੰਦ ਹੋਣ ਦੇ ਕੁਝ ਸਮੇਂ ਬਾਅਦ ਤਕ ਹੀ ਪੁਲਸ ਉੱਥੇ ਤਾਇਨਾਤ ਰਹਿੰਦੀ ਸੀ। ਇਸ ਤੋਂ ਬਾਅਦ ਭਾਰੀ ਬਰਫਬਾਰੀ ਹੋਣ ’ਤੇ ਪੁਲਸ ਮੁਲਾਜ਼ਮ ਗੌਰੀਕੁੰਡ ਪਰਤ ਜਾਂਦੇ ਸਨ ਅਤੇ ਇੱਥੋਂ ਹੀ ਧਾਮ ਦੀ ਸੁਰੱਖਿਆ ’ਤੇ ਨਜ਼ਰ ਰੱਖੀ ਜਾਂਦੀ ਸੀ ਪਰ ਹੁਣ ਗਰਭਗ੍ਰਹਿ ’ਚ ਸੋਨਾ ਲੱਗਣ ਕਾਰਨ 12 ਪੁਲਸ ਮੁਲਾਜ਼ਮ ਨਿਯਮਿਤ ਰੂਪ ਨਾਲ ਸਰਦ ਰੁੱਤ ’ਚ ਵੀ ਧਾਮ ’ਚ ਤਾਇਨਾਤ ਕੀਤੇ ਗਏ ਹਨ। ਰੋਸਟਰ ਦੇ ਹਿਸਾਬ ਨਾਲ ਇਕ ਮਹੀਨੇ ਬਾਅਦ ਹੋਰ ਪੁਲਸ ਮੁਲਾਜ਼ਮਾਂ ਨੂੰ ਇੱਥੇ ਭੇਜਕੇ ਇਨ੍ਹਾਂ ਨੂੰ ਧਾਮ ਤੋਂਵਾਪਸ ਬੁਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਮੰਦਰ ਕਮੇਟੀ ਦੇ ਮੁਲਾਜ਼ਮ ਵੀ ਰੋਸਟਰ ਦੇ ਹਿਸਾਬ ਨਾਲ ਧਾਮ ’ਚ ਨਿਯਮਿਤ ਡਿਊਟੀ ਦੇਣਗੇ। 

ਇਸ ਤੋਂ ਇਲਾਵਾ ਹੁਣ ਧਾਮ ’ਚ ਸਰਦੀਆਂ ’ਚ ਵੀ ਬਿਜਲੀ ਦੀ ਸਪਲਾਈ ਨਿਰਵਿਘਨ ਰਹੇਗੀ। ਨਾਲ ਹੀ ਪੀਣ ਯੋਗ ਪਾਣੀ ਅਤੇ ਰਾਸ਼ਨ ਦੀ ਵਿਵਸਥਾ ਵੀ ਮੰਦਰ ਕਮੇਟੀ ਵੱਲੋਂ ਕੀਤੀ ਗਈ ਹੈ। ਪੁਲਸ ਸਬ-ਇੰਸਪੈਕਟਰ ਦੀਪਕ ਰਾਵਤ ਨੇ ਦੱਸਿਆ ਕਿ ਸਰਦੀਆਂ ਦੌਰਾਨ ਧਾਮ ’ਚ ਡਿਊਟੀ ਦੇਣਾ ਕਿਸੇ ਚੁਣੌਤੀ ਨੂੰ ਘੱਟ ਨਹੀਂ ਹੈ। ਬਾਵਜੂਦ ਇਸਦੇ ਪੁਲਸ ਪੂਰੀ ਮੁਸਤੈਦੀ ਨਾਲ ਇਹ ਜ਼ਿੰਮੇਵਾਰੀ ਨਿਭਾਏਗੀ। 


Rakesh

Content Editor

Related News