ਦਿੱਲੀ ਕੂਚ ਕਰ ਰਹੀ ਹਰਿਆਣਾ ਯੁਵਾ ਕਾਂਗਰਸ ਦੀ ‘ਟਰੈਕਟਰ ਰੈਲੀ’, ਪੁਲਸ ਵਲੋਂ ਪਾਣੀ ਦੀਆਂ ਬੌਛਾਰਾਂ
Wednesday, Sep 23, 2020 - 05:55 PM (IST)

ਪਾਨੀਪਤ— ਕੇਂਦਰ ਦੇ ਖੇਤੀ ਸੁਧਾਰਾਂ ਬਿੱਲਾਂ ਦੇ ਵਿਰੋਧ ਵਿਚ ਦਿੱਲੀ ਵੱਲ ਕੂਚ ਕਰ ਰਹੀ ਹਰਿਆਣਾ ਯੁਵਾ ਕਾਂਗਰਸ ਦੀ ਅਗਵਾਈ ਵਾਲੀ ਰੈਲੀ ਨੂੰ ਰੋਕਣ ਲਈ ਪੁਲਸ ਨੇ ਬੁੱਧਵਾਰ ਨੂੰ ਪਾਨੀਪਤ ’ਚ ਪਾਣੀ ਦੀਆਂ ਬੌਛਾਰਾਂ ਕੀਤੀਆਂ। ਪਾਨੀਪਤ ਜ਼ਿਲ੍ਹੇ ਵਿਚ ਪੁਲਸ ਵਲੋਂ ਬੈਰੀਕੇਡ ਲਾ ਕੇ ਰੋਕੀ ਗਈ ‘ਟਰੈਕਟਰ ਰੈਲੀ’ ’ਚ ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਵੀ ਸ਼ਾਮਲ ਹੋਏ। ਕੁਝ ਪ੍ਰਦਰਸ਼ਨਕਾਰੀਆਂ ਨੇ ਜਦੋਂ ਬੈਰੀਕੇਡ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਪਾਣੀ ਦੀਆਂ ਬੌਛਾਰਾਂ ਕੀਤੀਆਂ।
ਪੁਲਸ ਨੇ ਕਿਹਾ ਕਿ ਬਾਅਦ ਵਿਚ ਕਈ ਯੁਵਾ ਕਾਂਗਰਸ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਯੁਵਾ ਕਾਂਗਰਸ ਦੇ ਨੇਤਾਵਾਂ ਦਾ ਦਾਅਵਾ ਸੀ ਇਸ ਰੈਲੀ ਵਿਚ ਬਹੁਤ ਸਾਰੇ ਕਿਸਾਨਾਂ ਨੇ ਹਿੱਸਾ ਵੀ ਲਿਆ ਹੈ। ਇਹ ਰੈਲੀ ਪਾਨੀਪਤ ਤੋਂ ਦਿੱਲੀ ਆਉਣੀ ਸੀ, ਜਿੱਥੇ ਵਰਕਰਾਂ ਵਲੋਂ ਸੰਸਦ ਦੇ ਘਿਰਾਓ ਦਾ ਪ੍ਰੋਗਰਾਮ ਸੀ। ਇਹ ਲੋਕ ਖੇਤੀ ਬਿੱਲਾਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਾਉਣਾ ਚਾਹੁੰਦੇ ਸਨ, ਜੋ ਉਨ੍ਹਾਂ ਮੁਤਾਬਕ ਕਿਸਾਨ ਵਿਰੋਧੀ ਹਨ। ਇਸ ਰੈਲੀ ਕਾਰਨ ਰਾਸ਼ਟਰੀ ਹਾਈਵੇਅ ’ਤੇ ਕੁਝ ਸਮੇਂ ਲਈ ਆਵਾਜਾਈ ਠੱਪ ਰਹੀ। ਇਸ ਤੋਂ ਪਹਿਲਾਂ ਐਤਵਾਰ ਨੂੰ ਹਰਿਆਣਾ ਪੁਲਸ ਨੇ ਪੰਜਾਬ ਯੁਵਾ ਕਾਂਗਰਸ ਵਰਕਰਾਂ ਨੂੰ ਅੰਬਾਲਾ ਜ਼ਿਲ੍ਹੇ ਵਿਚ ਐਂਟਰੀ ਕਰ ਅੱਗੇ ਦਿੱਲੀ ਜਾਣ ਤੋਂ ਰੋਕਣ ਲਈ ਪਾਣੀ ਦੀ ਬੌਛਾਰ ਦਾ ਇਸਤੇਮਾਲ ਕੀਤਾ ਸੀ। ਇਹ ਵਰਕਰ ਵੀ ਖੇਤੀ ਬਿੱਲਾਂ ਖ਼ਿਲਾਫ ਟਰੈਕਟਰ ਰੈਲੀ ਕੱਢ ਰਹੇ ਸਨ। ਉਸ ਟਰੈਕਟਰ ਰੈਲੀ ਵਿਚ ਸ਼੍ਰੀਨਿਵਾਸ ਬੀ. ਵੀ. ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਏ ਸਨ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਸਦਨਾਂ ’ਚ 3 ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਬਿੱਲ ’ਤੇ ਅਜੇ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਬਿੱਲ ਦੇ ਵਿਰੋਧ ’ਚ ਸੰਸਦ ਕੰਪਲੈਕਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਰਾਸ਼ਟਪਤੀ ਨੂੰ ਬਿੱਲ ’ਤੇ ਦਸਤਖਤ ਨਾ ਕਰਨ ਦੀ ਮੰਗ ਕਰ ਰਹੇ ਹਨ।