ਇੱਟਾਂ ਵਾਲੇ ਭੱਠੇ ''ਤੇ ਚੱਲ ਰਿਹਾ ਸੀ ''ਗ਼ਲਤ ਕੰਮ'' ! ਪੁਲਸ ਨੇ ਮਾਰਿਆ ਛਾਪਾ, ਅੰਦਰਲਾ ਹਾਲ ਦੇਖ ਉੱਡੇ ਹੋਸ਼
Tuesday, Nov 17, 2026 - 02:30 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਪੁਲਸ ਨੇ ਸਾਈਬਰ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਠੱਗੀ ਦੇ ਇੱਕ ਵੱਡੇ ਨੈੱਟਵਰਕ ਦਾ ਭਾਂਡਾ ਭੰਨਿਆ ਹੈ। ਪੁਲਸ ਨੇ ਭਗਤਪੁਰ ਥਾਣਾ ਖੇਤਰ ਦੇ ਅੰਤਰਗਤ ਇੱਕ ਬੰਦ ਪਏ ਇੱਟ-ਭੱਠੇ 'ਤੇ ਛਾਪਾ ਮਾਰ ਕੇ ਦੋ ਸ਼ਾਤਿਰ ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਸਨ (ਨਿਵਾਸੀ ਦੌਲਤਪੁਰ ਬਨਮਈਆ) ਤੇ ਫਿਰੋਜ਼ ਆਲਮ (ਨਿਵਾਸੀ ਭਗਤਪੁਰ) ਵਜੋਂ ਹੋਈ ਹੈ।
ਪੁਲਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਇੱਕ ਸੰਗਠਿਤ ਗਿਰੋਹ ਚਲਾਉਂਦੇ ਸਨ। ਇਹ ਭੋਲੇ-ਭਾਲੇ, ਅਨਪੜ੍ਹ ਜਾਂ ਲੋੜਵੰਦ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਮ 'ਤੇ ਵੱਖ-ਵੱਖ ਬੈਂਕਾਂ ਵਿੱਚ ਜਾਅਲੀ ਖਾਤੇ ਖੁੱਲ੍ਹਵਾਉਂਦੇ ਸਨ। ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਨਲਾਈਨ ਠੱਗੀ ਰਾਹੀਂ ਇਕੱਠੀ ਕੀਤੀ ਗਈ ਗੈਰ-ਕਾਨੂੰਨੀ ਰਕਮ ਨੂੰ ਇਹਨਾਂ ਜਾਅਲੀ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਇਆ ਜਾਂਦਾ ਸੀ। ਰਕਮ ਆਉਂਦੇ ਹੀ ਦੋਸ਼ੀ ਏ.ਟੀ.ਐਮ. ਅਤੇ ਹੋਰ ਮਾਧਿਅਮਾਂ ਰਾਹੀਂ ਤੁਰੰਤ ਨਕਦੀ ਕਢਵਾ ਲੈਂਦੇ ਸਨ ਤਾਂ ਜੋ ਪੁਲਿਸ ਜਾਂ ਜਾਂਚ ਏਜੰਸੀਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ। ਜਾਂਚ ਵਿੱਚ ਹੁਣ ਤੱਕ ਲਗਭਗ 47 ਲੱਖ 82 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਟੀਮ ਨੇ ਬੰਦ ਪਏ ਇੱਟ-ਭੱਠੇ 'ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਡਿਜੀਟਲ ਉਪਕਰਨ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮਾਂ ਕੋਲੋਂ13 ਮੋਬਾਈਲ ਫੋਨ, 5 ਲੈਪਟੋਪ ਅਤੇ 2 ਚਾਰਜਰ, 10 ਬੈਂਕ ਪਾਸਬੁੱਕਾਂ ਅਤੇ 2 ਚੈੱਕਬੁੱਕਾਂ, 1 ਜਾਅਲੀ ਦਸਤਖਤ ਕੀਤਾ ਚੈੱਕ, 9 ਏ.ਟੀ.ਐਮ. ਕਾਰਡ ਅਤੇ 3 ਸਿਮ ਕਾਰਡ, 1 ਬੁਲੇਟ ਮੋਟਰਸਾਈਕਲ ਦੀ ਆਰ.ਸੀ., 3 ਪੈਨ ਕਾਰਡ ਅਤੇ 5 ਆਧਾਰ ਕਾਰਡ, 1 ਲੱਖ 5 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਜ਼ਬਤ ਕੀਤੀ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
