ਕੋਰੋਨਾ ਟੀਕਾਕਰਨ ਦਾ 100 ਕਰੋੜ ਟੀਚਾ ਪਾਰ, PM ਮੋਦੀ ਭਾਰਤੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕਰਨਗੇ ਮੁਲਾਕਾਤ
Saturday, Oct 23, 2021 - 12:48 PM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੋਵਿਡ-19 ਰੋਕੂ ਟੀਕੇ ਬਣਾਉਣ ਵਾਲੀਆਂ 7 ਭਾਰਤੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਟੀਕਿਆਂ ਦੀ 100 ਕਰੋੜ ਖ਼ੁਰਾਕ ਦੇਣ ਦੀ ਉਪਲੱਬਧੀ ਹਾਸਲ ਕੀਤੀ ਹੈ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਭਾਰਤ ਬਾਇਓਟੈੱਕ, ਡਾ. ਰੈੱਡੀਜ਼ ਲੈਬੋਰਟਰੀਜ਼, ਜਾਇਡਸ ਕੈਡਿਲਾ, ਬਾਓਲੌਜੀਕਲ ਈ, ਜੇਨਨੋਵਾ ਬਾਇਓਫਾਰਮਾ ਅਤੇ ਪੇਨੇਸੀਆ ਬਾਇਓਟੈੱਕ ਦੇ ਨੁਮਾਇੰਦੇ ਮੌਜੂਦ ਹੋਣਗੇ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਸ ਦੌਰਾਨ ਸਾਰੀ ਆਬਾਦੀ ਨੂੰ ਛੇਤੀ ਤੋਂ ਛੇਤੀ ਟੀਕਾਕਰਨ ਕਰਨ ਅਤੇ ‘ਸਾਰਿਆਂ ਲਈ ਟੀਕਾ’ ਮੰਤਰ ਤਹਿਤ ਹੋਰ ਦੇਸ਼ਾਂ ਦੀ ਮਦਦ ਕਰਨ ’ਤੇ ਜ਼ੋਰ ਦੇ ਸਕਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਭਾਰਤ ਨੇ ਰਚਿਆ ਇਤਿਹਾਸ, ਪੂਰਾ ਕੀਤਾ 100 ਕਰੋੜ ਟੀਕਾਕਰਨ ਦਾ ਟੀਚਾ
ਓਧਰ ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤੱਕ ਟੀਕਿਆਂ ਦੀਆਂ 101.30 ਕਰੋੜ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਭਾਰਤ ਨੇ 21 ਅਕਤੂਬਰ ਨੂੰ ਮਹਾਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ ਤਹਿਤ ਇਕ ਅਰਬ ਖ਼ੁਰਾਕ ਦਾ ਅੰਕੜਾ ਪਾਰ ਕਰ ਇਤਿਹਾਸਕ ਉਪਲੱਬਧੀ ਹਾਸਲ ਕੀਤੀ ਸੀ, ਜਿਸ ਲਈ ਦੁਨੀਆ ਭਰ ਤੋਂ ਦੇਸ਼ ਨੂੰ ਵਧਾਈ ਮਿਲਣ ਦਾ ਸਿਲਸਿਲਾ ਜਾਰੀ ਹੈ। ਦੇਸ਼ ਵਿਚ ਟੀਕਾਕਰਨ ਦੇ ਪਾਤਰ ਬਾਲਗਾਂ ’ਚੋਂ 75 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਘੱਟੋ-ਘੱਟ ਇਕ ਖ਼ੁਰਾਕ ਲੱਗ ਚੁੱਕੀ ਹੈ, ਜਦਕਿ ਕਰੀਬ 31 ਫ਼ੀਸਦੀ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। 9 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਸਾਰੇ ਪਾਤਰ ਲੋਕਾਂ ਨੂੰ ਟੀਕਿਆਂ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੇ ਟੈਂਟ ਹਟਾਉਣੇ ਕੀਤੇ ਸ਼ੁਰੂ, ਦਿੱਲੀ ਜਾਣਾ ਹੋਵੇਗਾ ਆਸਾਨ
ਦੱਸਣਯੋਗ ਹੈ ਕਿ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ ਅਤੇ ਇਸ ਦੇ ਪਹਿਲੇ ਪੜਾਅ ਵਿਚ ਸਿਹਤ ਕਾਮਿਆਂ ਨੂੰ ਟੀਕੇ ਲਾਏ ਗਏ ਸਨ। ਇਸ ਤੋਂ ਬਾਅਦ 2 ਫਰਵਰੀ ਨੂੰ ਮੋਹਰੀ ਮੋਰਚੇ ਦੇ ਕਾਮਿਆਂ ਦਾ ਟੀਕਾਕਰਨ ਸ਼ੁਰੂ ਹੋਇਆ ਸੀ। ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹੋਇਆ, ਜਿਸ ’ਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲੱਗਣੇ ਸ਼ੁਰੂ ਕੀਤੇ ਗਏ। ਦੇਸ਼ ਵਿਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ 1 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ 1 ਮਈ ਤੋਂ ਸ਼ੁਰੂ ਹੋਇਆ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਟੀਕਾਕਰਨ ਦਾ 100 ਕਰੋੜ ਦਾ ਅੰਕੜਾ ਪਾਰ, ਸਪਾਈਸਜੈੱਟ ਨੇ ਇੰਝ ਮਨਾਈ ਖ਼ੁਸ਼ੀ (ਤਸਵੀਰਾਂ)