ਲੋਕ ਸਭਾ ਚੋਣਾਂ ਤੋਂ ਪਹਿਲਾਂ PM ਮੋਦੀ ਅੱਜ ਕਰਨਗੇ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ
Sunday, Mar 03, 2024 - 10:21 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ ਅਤੇ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਆਖਰੀ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਸਮੇਂ-ਸਮੇਂ 'ਤੇ ਨੀਤੀ ਅਤੇ ਸ਼ਾਸਨ ਨਾਲ ਜੁੜੇ ਪ੍ਰਮੁੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਮੰਤਰੀ ਪ੍ਰੀਸ਼ਦ ਦੀਆਂ ਬੈਠਕਾਂ ਕਰਦੇ ਰਹੇ ਹਨ ਪਰ ਐਤਵਾਰ ਨੂੰ ਹੋਣ ਵਾਲੀ ਬੈਠਕ ਅਪ੍ਰੈਲ-ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਿਹਾਜ ਨਾਲ ਅਹਿਮ ਹਨ। ਚੋਣ ਕਮਿਸ਼ਨ ਅਗਲੇ ਕੁਝ ਹਫ਼ਤਿਆਂ ਵਿਚ ਚੋਣਾਂ ਦੀ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ 'ਚ ਇਹ ਮੀਟਿੰਗ ਚਾਣਕਿਆਪੁਰੀ ਡਿਪਲੋਮੈਟਿਕ ਐਨਕਲੇਵ ਸਥਿਤ ਸੁਸ਼ਮਾ ਸਵਰਾਜ ਭਵਨ ਵਿਚ ਹੋਵੇਗੀ। ਇਸ ਬੈਠਕ ਦੌਰਾਨ ਸਰਕਾਰ ਦੇ ਕੰਮਕਾਜ 'ਤੇ ਚਰਚਾ ਹੋ ਸਕਦੀ ਹੈ, ਕਿਉਂਕਿ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) ਨੇ ਮੋਦੀ ਸਰਕਾਰ ਦੀ ਅਗਵਾਈ ਵਿਚ ਤੀਜਾ ਕਾਰਜਕਾਲ ਹਾਸਲ ਕਰਨ ਦਾ ਭਰੋਸਾ ਜ਼ਹਾਰ ਕੀਤਾ ਹੈ। ਚੋਣ ਕਮਿਸ਼ਨ ਨੇ ਵੱਖ-ਵੱਖ ਸੂਬਿਆਂ ਵਿਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2014 ਵਿਚ ਚੋਣ ਕਮਿਸ਼ਨ ਨੇ 5 ਮਾਰਚ ਨੂੰ 9 ਪੜਾਵਾਂ ਵਿਚ ਲੋਕ ਸਭਾ ਚੋਣਾਂ ਕਰਾਉਣ ਦਾ ਐਲਾਨ ਕੀਤਾ ਸੀ ਅਤੇ ਨਤੀਜੇ 16 ਮਈ ਨੂੰ ਐਲਾਨੇ ਗਏ ਸਨ। ਉੱਥੇ ਹੀ 2019 ਵਿਚ ਚੋਣ ਕਮਿਸ਼ਨ ਨੇ 10 ਮਾਰਚ ਨੂੰ 7 ਪੜਾਵਾਂ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਸੀ ਅਤੇ ਨਤੀਜੇ 23 ਮਈ ਨੂੰ ਐਲਾਨ ਕੀਤੇ ਗਏ ਸਨ।