PM ਮੋਦੀ ਨੇ ਬ੍ਰਿਟੇਨ ਦੇ ਰਾਜਾ ਚਾਰਲਸ III ਨਾਲ ਫੋਨ 'ਤੇ ਕੀਤੀ ਗੱਲ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
Tuesday, Jan 03, 2023 - 08:55 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਪ੍ਰਧਾਨਗੀ 'ਚ ਹੋਣ ਵਾਲੀ ਜੀ-20 ਬੈਠਕ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ) ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ, ਚਾਰਲਸ III ਉਸਦਾ ਉੱਤਰਾਧਿਕਾਰੀ ਬਣਿਆ ਸੀ। ਇਸ ਤੋਂ ਬਾਅਦ ਚਾਰਲਸ ਤੀਜੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਗੱਲਬਾਤ ਸੀ।
ਪੀ.ਐੱਮ.ਓ ਅਨੁਸਾਰ ਮੋਦੀ ਨੇ ਉਨ੍ਹਾਂ ਨੂੰ ਸਫ਼ਲ ਸ਼ਾਸਨ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਪੀ.ਐੱਮ.ਓ ਨੇ ਕਿਹਾ ਕਿ ਗੱਲਬਾਤ ਦੌਰਾਨ ਆਪਸੀ ਹਿੱਤਾਂ ਦੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿੱਚ ਜਲਵਾਯੂ ਕਾਰਵਾਈ, ਜੈਵ ਵਿਭਿੰਨਤਾ ਦੀ ਸੰਭਾਲ, ਊਰਜਾ-ਪਰਿਵਰਤਨ ਲਈ ਵਿੱਤੀ ਸਹਾਇਤਾ ਲਈ ਨਵੀਨਤਾਕਾਰੀ ਹੱਲ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਹਨਾਂ ਮੁੱਦਿਆਂ ਵਿੱਚ ਦਿਲਚਸਪੀ ਅਤੇ ਵਕਾਲਤ ਲਈ ਚਾਰਲਸ III ਦੀ ਵੀ ਪ੍ਰਸ਼ੰਸਾ ਕੀਤੀ। ਮੋਦੀ ਨੇ ਉਨ੍ਹਾਂ ਨੂੰ ਡਿਜੀਟਲ ਜਨਤਕ ਵਸਤੂਆਂ ਨੂੰ ਉਤਸ਼ਾਹਿਤ ਕਰਨ ਸਮੇਤ ਜੀ-20 ਦੀ ਪ੍ਰਧਾਨਗੀ ਲਈ ਭਾਰਤ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ।
ਪੀ.ਐੱਮ.ਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਾਤਾਵਰਣ ਲਈ ਮਿਸ਼ਨ ਲਾਈਫ - ਜੀਵਨਸ਼ੈਲੀ ਦੀ ਸਾਰਥਕਤਾ ਬਾਰੇ ਵੀ ਜਾਣੂ ਕਰਵਾਇਆ, ਜਿਸ ਰਾਹੀਂ ਭਾਰਤ ਵਾਤਾਵਰਣ ਲਈ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਪੀ.ਐੱਮ.ਓ ਅਨੁਸਾਰ ਦੋਵਾਂ ਨੇਤਾਵਾਂ ਨੇ ਰਾਸ਼ਟਰਮੰਡਲ ਦੇ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਇਸ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ। ਪੀ.ਐੱਮ.ਓ ਨੇ ਕਿਹਾ, "ਉਨ੍ਹਾਂ ਬ੍ਰਿਟੇਨ ਵਿੱਚ ਭਾਰਤੀ ਭਾਈਚਾਰੇ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਇੱਕ 'ਜੀਵਤ ਪੁਲ਼' ਵਜੋਂ ਸੇਵਾ ਕੀਤੀ ਗਈ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਗਿਆ।"