ਬੇਸਹਾਰਾ ਜਾਨਵਰਾਂ ਦਾ ਸਹਾਰਾ ਬਣੀ ਫ਼ੌਜ ਦੀ ਸੇਵਾ ਮੁਕਤ ਅਧਿਕਾਰੀ ਪ੍ਰਮਿਲਾ ਸਿੰਘ, PM ਮੋਦੀ ਨੇ ਕੀਤੀ ਤਾਰੀਫ਼

Sunday, Jul 18, 2021 - 03:37 PM (IST)

ਬੇਸਹਾਰਾ ਜਾਨਵਰਾਂ ਦਾ ਸਹਾਰਾ ਬਣੀ ਫ਼ੌਜ ਦੀ ਸੇਵਾ ਮੁਕਤ ਅਧਿਕਾਰੀ ਪ੍ਰਮਿਲਾ ਸਿੰਘ, PM ਮੋਦੀ ਨੇ ਕੀਤੀ ਤਾਰੀਫ਼

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੀ ਕੋਟਾ ਵਾਸੀ ਅਤੇ ਭਾਰਤੀ ਫ਼ੌਜ ਤੋਂ ਬਤੌਰ ਮੇਜਰ ਸੇਵਾ ਮੁਕਤ ਹੋਈ ਪ੍ਰਮਿਲਾ ਸਿੰਘ ਨੂੰ ਉਨ੍ਹਾਂ ਦੀ ਦਇਆ ਭਾਵਨਾ ਅਤੇ ਸੇਵਾ ਕੰਮਾਂ ਲਈ ਸ਼ਲਾਘਾ ਕੀਤੀ ਹੈ। ਦਰਅਸਲ ਕੋਰੋਨਾ ਵਿਚ ਤਾਲਾਬੰਦੀ ਦੌਰਾਨ ਜਿੱਥੇ ਲੋਕ ਆਪਣੇ-ਆਪਣੇ ਘਰਾਂ ਵਿਚ ਰਾਸ਼ਨ ਪਾਣੀ ਦੀ ਵਿਵਸਥਾ ਵਿਚ ਜੁੱਟੇ ਸਨ, ਉਸ ਸਮੇਂ ਮੇਜਰ ਪ੍ਰਮਿਲਾ ਨੇ ਆਪਣੇ ਪਿਤਾ ਸ਼ਿਆਮਵੀਰ ਸਿੰਘ ਨਾਲ ਮਿਲ ਕੇ ਬੇਸਹਾਰਾ ਜਾਨਵਰਾਂ ਦੀ ਸਾਰ ਲਈ। ਉਨ੍ਹਾਂ ਦੇ ਦੁੱਖ-ਦਰਦ ਸਮਝਿਆ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਈ। ਪ੍ਰਮਿਲਾ ਸਿੰਘ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਜਮਾਂ ਪੂੰਜੀ ਤੋਂ ਸੜਕਾਂ ’ਤੇ ਅਵਾਰਾ ਘੁੰਮ ਰਹੇ ਜਾਨਵਰਾਂ ਦੇ ਭੋਜਨ ਅਤੇ ਇਲਾਜ ਦੀ ਵਿਵਸਥਾ ਕੀਤੀ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਭੇਜ ਕੇ ਮੇਜਰ ਪ੍ਰਮਿਲਾ ਸਿੰਘ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਦੀ ਕੋਸ਼ਿਸ਼ ਨੂੰ ਸਮਾਜ ਲਈ ਪ੍ਰਰੇਣਾ ਸਰੋਤ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਚਿੱਠੀ ਵਿਚ ਲਿਖਿਆ ਹੈ ਕਿ ਪਿਛਲੇ ਲੱਗਭਗ ਡੇਢ ਸਾਲਾਂ ਵਿਚ ਅਸੀਂ ਕਈ ਮੁਸ਼ਕਲ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕੀਤਾ ਹੈ। ਇਹ ਇਕ ਅਜਿਹਾ ਇਤਿਹਾਸਕ ਸਮਾਂ ਹੈ, ਜਿਸ ਨੂੰ ਲੋਕ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ। ਇਹ ਨਾ ਸਿਰਫ ਇਨਸਾਨਾਂ ਲਈ ਸਗੋਂ ਮਨੁੱਖ ਦੇ ਨੇੜੇ ਰਹਿਣ ਵਾਲੇ ਅਨੇਕਾਂ ਜੀਵਾਂ ਲਈ ਵੀ ਮੁਸ਼ਕਲ ਭਰਿਆ ਦੌਰ ਹੈ। ਅਜਿਹੇ ਵਿਚ ਤੁਸੀਂ ਬੇਸਹਾਰਾ ਜਾਨਵਰਾਂ ਦੇ ਦੁੱਖ-ਦਰਦ ਅਤੇ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਹੋਣ ਅਤੇ ਨਿੱਜੀ ਪੱਧਰ ’ਤੇ ਕੰਮ ਕਰਨਾ ਸ਼ਲਾਘਾਯੋਗ ਹੈ। 

PunjabKesari

ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਕਈ ਅਜਿਹੀਆਂ ਮਿਸਾਲਾਂ ਵੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ਨੇ ਸਾਨੂੰ ਮਨੁੱਖਤਾ ’ਤੇ ਮਾਣ ਕਰਨ ਦਾ ਮੌਕਾ ਦਿੱਤਾ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਮੇਜਰ ਪ੍ਰਮਿਲਾ ਸਿੰਘ ਅਤੇ ਉਨ੍ਹਾਂ ਦੇ ਪਿਤਾ ਜੀ ਇਸ ਤਰ੍ਹਾਂ ਆਪਣੀ ਪਹਿਲ ਨਾਲ ਸਮਾਜ ਵਿਚ ਜਾਗਰੂਕਤਾ ਫੈਲਾਉਂਦੇ ਹੋਏ ਆਪਣੇ ਕੰਮਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੇਜਰ ਪ੍ਰਮਿਲਾ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਜਾਨਵਰਾਂ ਦੀ ਦੇਖਭਾਲ ਕਰਨ ਦਾ ਜੋ ਕੰਮ ਉਨ੍ਹਾਂ ਨੇ ਤਾਲਾਬੰਦੀ ਦੇ ਸਮੇਂ ਸ਼ੁਰੂ ਕੀਤਾ ਸੀ, ਉਹ ਅੱਜ ਤੱਕ ਜਾਰੀ ਹੈ।


author

Tanu

Content Editor

Related News