PM ਮੋਦੀ ਨੇ ਆਸਾਮ ''ਚ 4 ਬਾਇਓ ਗੈਸ ਪਲਾਂਟਾਂ ਦਾ ਰੱਖਿਆ ਨੀਂਹ ਪੱਥਰ
Wednesday, Oct 02, 2024 - 11:50 AM (IST)
ਗੁਹਾਟੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਸਾਮ ਵਿਚ 'ਆਇਲ ਇੰਡੀਆ ਲਿਮਟਿਡ' ਵਲੋਂ ਚਾਰ ਕੰਪਰੈੱਸਡ ਬਾਇਓ-ਗੈਸ (CBG) ਪਲਾਂਟਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ। ਇਹ ਪ੍ਰੋਗਰਾਮ ਦੇਸ਼ ਭਰ ਵਿਚ CBG ਦੇ ਕਈ ਪਲਾਂਟਾਂ ਲਈ ਨੀਂਹ ਪੱਥਰ ਰੱਖਣ ਦੇ ਸਮਾਰੋਹ ਦਾ ਹਿੱਸਾ ਸੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਤੋਂ ਡਿਜੀਟਲ ਮਾਧਿਅਮ ਤੋਂ ਕੀਤੀ।
ਇਸ ਪ੍ਰੋਗਰਾਮ ਦਾ ਉਦੇਸ਼ ਸਵੱਛ ਭਾਰਤ ਦਿਵਸ ਮੌਕੇ 'ਤੇ ਇਕ ਟਿਕਾਊ ਅਤੇ ਵਾਤਾਵਰਣ-ਅਨੁਕੂਲ ਊਰਜਾ ਦ੍ਰਿਸ਼ ਨੂੰ ਉਤਸ਼ਾਹਿਤ ਕਰਨਾ ਹੈ। ਅਸਾਮ ਵਿਚ ਇਹ ਪਲਾਂਟ ਗੁਹਾਟੀ, ਜੋਰਹਾਟ, ਸ਼ਿਵਸਾਗਰ ਅਤੇ ਤਿਨਸੁਕੀਆ ਵਿਚ ਬਣਾਏ ਜਾਣਗੇ। ਆਇਲ ਇੰਡੀਆ ਲਿਮਟਿਡ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਦੀ ਯੋਜਨਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਜਨਤਕ ਖੇਤਰ ਦੇ ਅਦਾਰਿਆਂ (PSU) 'ਚ ਨਿਵੇਸ਼ ਜਾਂ ਨਿੱਜੀ ਉੱਦਮੀਆਂ ਨਾਲ ਸਾਂਝੇਦਾਰੀ ਰਾਹੀਂ 2024-25 ਤੱਕ 25 CBG ਪਲਾਂਟ ਸਥਾਪਤ ਕਰਨ ਦੀ ਹੈ।