ਅਡਾਨੀ ਦਾ ਸਾਥ ਦੇ ਕੇ ਦੇਸ਼ ਦਾ ਅਕਸ ਖਰਾਬ ਕਰ ਰਹੇ ਹਨ PM ਮੋਦੀ: ਖੜਗੇ
Monday, Nov 25, 2024 - 04:59 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਸੋਮਵਾਰ ਨੂੰ ਦਿਨ ਭਰ ਲਈ ਮੁਲਤਵੀ ਹੋਣ ਮਗਰੋਂ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ 'ਤੇ ਹੁੜਦੰਗ ਮਚਾਉਣ ਦਾ ਦੋਸ਼ ਲਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਯੋਗਪਤੀ ਗੌਤਮ ਅਡਾਨੀ ਸਮੂਹ ਦਾ ਸਾਥ ਦੇ ਕੇ ਦੇਸ਼ ਦਾ ਅਕਸ ਖਰਾਬ ਕਰ ਰਹੇ ਹਨ। ਅਡਾਨੀ ਸਮੂਹ ਨਾਲ ਜੁੜੀਆਂ ਵਿੱਤੀ ਬੇਨਿਯਮੀਆਂ ਦਾ ਮਾਮਲਾ ਗੰਭੀਰ ਹੈ ਅਤੇ ਵਿਰੋਧੀ ਧਿਰ ਦੇਸ਼ ਬਚਾਉਣ ਲਈ ਇਹ ਮੁੱਦਾ ਚੁੱਕਣਾ ਚਾਹੁੰਦਾ ਹੈ।
ਖੜਗੇ ਨੇ ਕਿਹਾ ਕਿ ਅੱਜ ਅਸੀਂ ਸੰਸਦ (ਰਾਜ ਸਭਾ) ਵਿਚ ਨਿਯਮ-267 ਤਹਿਤ ਅਡਾਨੀ ਦਾ ਮੁੱਦਾ ਚੁੱਕਿਆ ਸੀ। ਅਡਾਨੀ ਸਮੂਹ 'ਤੇ ਭ੍ਰਿਸ਼ਟਾਚਾਰ, ਰਿਸ਼ਵਤ ਅਤੇ ਵਿੱਤੀ ਬੇਨਿਯਮੀਆਂ ਦੇ ਗੰਭੀਰ ਦੋਸ਼ ਹਨ, ਉਸ ਬਾਰੇ ਅਸੀਂ ਇਸ ਮੁੱਦੇ ਨੂੰ ਸਦਨ ਦੇ ਸਾਹਮਣੇ ਰੱਖਣਾ ਚਾਹੁੰਦੇ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ 'ਤੇ ਚਰਚਾ ਨਹੀਂ ਕਰਵਾਈ ਅਤੇ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਜਿੱਥ-ਜਿੱਥੇ ਜਾਂਦੇ ਹਨ, ਉੱਥੇ-ਉੱਥੇ ਅਡਾਨੀ ਸਮੂਹ ਨੂੰ ਠੇਕੇ ਮਿਲਦੇ ਹਨ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ 'ਤੇ ਸਦਨ ਵਿਚ ਚਰਚਾ ਹੋਵੇ। ਜਿਸ ਚੀਜ਼ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦੇ ਚੱਲਦੇ ਦੁਨੀਆ ਦਾ ਭਰੋਸਾ ਸਾਡੇ ਤੋਂ ਉੱਠ ਸਕਦਾ ਹੋਵੇ, ਉਸ ਸਮੇਂ ਇਹ ਚੀਜ਼ ਸਦਨ ਵਿਚ ਲਿਆਉਣਾ ਜ਼ਰੂਰੀ ਹੈ।