PM ਮੋਦੀ ਬਣਾ ਰਹੇ ਹਨ ਵੱਡੀ ਤਬਦੀਲੀ ਦੀ ਯੋਜਨਾ
Friday, Feb 28, 2025 - 11:58 PM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਦੇ ਢਾਂਚੇ ’ਚ ਵੱਡੀ ਤਬਦੀਲੀ ਕਰਨ ’ਤੇ ਵਿਚਾਰ ਕਰ ਰਹੇ ਹਨ । ਕੁਝ ਅਹਿਮ ਮੰਤਰਾਲਿਆਂ ’ਚ ਵੀ ਫੇਰਬਦਲ ਹੋ ਸਕਦਾ ਹੈ। ਉਹ ਯਕੀਨੀ ਤੌਰ ’ਤੇ ਨਵੇਂ ਹੁਨਰ ਦੀ ਭਾਲ ’ਚ ਹਨ।
ਪ੍ਰਧਾਨ ਮੰਤਰੀ ਦਫ਼ਤਰ ’ਚ ਸ਼ਕਤੀਕਾਂਤ ਦਾਸ ਦੀ ਪ੍ਰਿੰਸੀਪਲ ਸੈਕਟਰੀ-2 ਵਜੋਂ ਨਿਯੁਕਤੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਵਿੱਤੀ ਖੇਤਰ ’ਚ ਚੱਲ ਰਹੇ ਵਿਕਾਸ ਤੋਂ ਖੁਸ਼ ਨਹੀਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਦਾਸ ਦੀ ਤਰੱਕੀ ਨਾਲ ਸੱਤਾ ਢਾਂਚੇ ’ਚ ਬੇਚੈਨੀ ਪੈਦਾ ਹੋਣੀ ਤੈਅ ਹੈ। ਆਰਥਿਕ ਸਥਿਤੀ ਤੋਂ ਵੱਧ ਕੇ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਸਬੰਧਤ ਮੰਤਰਾਲੇ ਸਮੇਂ ਸਿਰ ਪ੍ਰਸ਼ਾਸਕੀ ਸਵਾਲਾਂ ਦਾ ਜਵਾਬ ਨਹੀਂ ਦਿੰਦੇ।
ਇਹ ਕਿਹਾ ਜਾਂਦਾ ਹੈ ਕਿ ਨੌਕਰਸ਼ਾਹੀ ਨੂੰ ਲੈ ਕੇ ਰੁਕਾਵਟਾਂ ਤੇ ਲਾਲ ਫੀਤਾਸ਼ਾਹੀ ਅਜੇ ਵੀ ਕਾਇਮ ਹੈ। ਬਹੁਤ ਸਾਰੇ ਮਾਮਲਿਆਂ ’ਚ ਪ੍ਰਸ਼ਾਸਕੀ ਤੇ ਨੀਤੀਗਤ ਪੱਖੋਂ ਸਮੇਂ ਸਿਰ ਪਹਿਲ ਦੀ ਕਮੀ ਪਾਈ ਗਈ।
ਟਰੰਪ ਪ੍ਰਸ਼ਾਸਨ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਭਾਰਤ ’ਚ ਕੰਮ ਕਰਨਾ ਔਖਾ ਹੈ ਕਿਉਂਕਿ ਹਰ ਕਦਮ ’ਤੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਕਾਰੋਬਾਰ ਕਰਨ ’ਚ ਸੌਖ ਤਾਂ ਬਹੁਤ ਦੂਰ ਦੀ ਗੱਲ ਹੈ।
ਇਸ ਲਈ ਬੁਨਿਆਦੀ ਢਾਂਚੇ ਤੇ ਵਿੱਤੀ ਖੇਤਰ ਦੇ ਕੁਝ ਪ੍ਰਮੁੱਖ ਮੰਤਰਾਲਿਆਂ ਸਬੰਧੀ ਕਦਮ ਚੁੱਕਣ ਦੀ ਲੋੜ ਹੈ । ਕੁਝ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਹਾਲਾਂਕਿ, ਅਜਿਹੇ ਮਾਮਲਿਆਂ ’ਚ ਇਕ ਇਮਾਨਦਾਰ ਵਿਅਕਤੀ ਲੱਭਣਾ ਵੀ ਇਕ ਮੁੱਦਾ ਹੈ।
ਬਜਟ ਸੈਸ਼ਨ ਦਾ ਦੂਜਾ ਪੜਾਅ 4 ਅਪ੍ਰੈਲ ਨੂੰ ਖਤਮ ਹੋਵੇਗਾ। ਇਸ ਲਈ ਉਦੋਂ ਤੱਕ ਇਕ ਨਵਾਂ ਸੰਗਠਨਾਤਮਕ ਢਾਂਚਾ ਵੀ ਲਾਗੂ ਹੋ ਸਕਦਾ ਹੈ ਬਸ਼ਰਤੇ ਹੋਰ ਦੇਰੀ ਨਾ ਹੋਵੇ।
ਸਰਕਾਰ ਦੇ ਢਾਂਚੇ ’ਚ ਵੀ ਕੁਝ ਤਬਦੀਲੀਆਂ ਹੋ ਸਕਦੀਆਂ ਹਨ ਕਿਉਂਕਿ ਅੱਗੇ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਨੂੰ ਮੁੱ੍ਖ ਰਖਦਿਆਂ ਕੁਝ ਮੰਤਰੀਆਂ ਨੂੰ ਪਾਰਟੀ ’ਚ ਕੰਮ ਕਰਨ ਲਈ ਭੇਜਿਆ ਜਾ ਸਕਦਾ ਹੈ।
ਮੋਦੀ ਆਮ ਤੌਰ ’ਤੇ ਕੋਈ ਵੀ ਵੱਡਾ ਕੰਮ ਚੋਣ ਪ੍ਰਚਾਰ ਤੋਂ ਬਾਅਦ ਤੇ ਸਹੁੰ ਚੁੱਕ ਸਮਾਰੋਹ ਤੋਂ ਕੁਝ ਸਾਲਾਂ ਬਾਅਦ ਹੀ ਕਰਦੇ ਹਨ ਪਰ ਉਹ ਵਿਸ਼ਵ ਪੱਧਰੀ ਚੁਣੌਤੀਆਂ ਨੂੰ ਮੁੱਖ ਰਖਦਿਆਂ ਨਵੀਂ ਸੋਚ ਵਾਲੀਆਂ ਨਵੀਆਂ ਪ੍ਰਤਿਭਾਵਾਂ ਨੂੰ ਨਵੀਆਂ ਪਹਿਲਕਦਮੀਆਂ ਦਾ ਮੌਕਾ ਦੇਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਕੁਝ ਹੈਰਾਨੀਜਨਕ ਗੱਲਾਂ ਵੀ ਸਾਹਮਣੇ ਆ ਜਾਣ।