ਵਾਈਬ੍ਰੈਂਟ ਗੁਜਰਾਤ ਸਮਿੱਟ ’ਚ ਬੋਲੇ PM ਮੋਦੀ, ਭਾਰਤ ਛੇਤੀ ਬਣੇਗਾ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ
Wednesday, Jan 10, 2024 - 08:33 PM (IST)
ਗਾਂਧੀਨਗਰ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਸ਼ਵ ਪੱਧਰ ’'ਤੇ ਕਈ ਗੈਰ-ਯਕੀਨੀਆਂ ਦਰਮਿਆਨ ਭਾਰਤ ‘ਆਸ ਦੀ ਨਵੀਂ ਕਿਰਨ’ ਵਜੋਂ ਉਭਰਿਆ ਹੈ ਅਤੇ ਦੁਨੀਆ ਇਸ ਨੂੰ ਸਥਿਰਤਾ ਦਾ ਇੱਕ ਅਹਿਮ ਥੰਮ, ਇੱਕ ਭਰੋਸੇਯੋਗ ਦੋਸਤ ਤੇ ਗਲੋਬਲ ਆਰਥਿਕਤਾ ਵਿੱਚ ਵਿਕਾਸ ਦੇ ਇੱਕ ਇੰਜਣ ਵਜੋਂ ਵੇਖਦੀ ਹੈ। ਭਾਰਤ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਪ੍ਰਣਾਲੀ ਵਿੱਚ ‘ਵਿਸ਼ਵਮਿੱਤਰ’ ਵਜੋਂ ਅੱਗੇ ਵੱਧ ਰਿਹਾ ਹੈ।
‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ ਦੇ 10ਵੇਂ ਐਡੀਸ਼ਨ ਦੇ ਉਦਘਾਟਨ ਸਮੇ ਬੋਲਦਿਆਂ ਮੋਦੀ ਨੇ ਕਿਹਾ ਕਿ ਸਾਰੀਆਂ ਪ੍ਰਮੁੱਖ ਰੇਟਿੰਗ ਏਜੰਸੀਆਂ ਦਾ ਵਿਚਾਰ ਹੈ ਕਿ ਭਾਰਤ ਅਗਲੇ ਕੁਝ ਸਾਲਾਂ ’ਚ ਦੁਨੀਆ ਦੀਆਂ 3 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੋਵੇਗਾ। ਇਸ ਕਾਨਫਰੰਸ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਮੁਖੀ, ਸੀ.ਈ.ਓ. ਅਤੇ ਕਈ ਦੇਸ਼ਾਂ ਦੇ ਮੁਖੀ ਵੀ ਹਿੱਸਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੋਸਤ ਹੈ ਜਿਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਇੱਕ ਅਜਿਹਾ ਭਾਈਵਾਲ ਹੈ ਜੋ ਲੋਕ-ਕੇਂਦ੍ਰਿਤ ਵਿਕਾਸ ਵਿੱਚ ਭਰੋਸਾ ਰੱਖਦਾ ਹੈ । ਉਹ ਇੱਕ ਅਜਿਹੀ ਆਵਾਜ਼ ਹੈ ਜੋ ਵਿਸ਼ਵ ਭਲਾਈ ਵਿੱਚ ਭਰੋਸਾ ਰੱਖਦੀ ਹੈ । ਉਹ ਗਲੋਬਲ ਸਾਊਥ ਦੀ ਇੱਕ ਆਵਾਜ਼ ਵੀ ਹੈ। ਦੁਨੀਆ ਅੱਜ ਭਾਰਤ ਨੂੰ ਗਲੋਬਲ ਆਰਥਿਕਤਾ ਵਿੱਚ ਵਿਕਾਸ ਦੇ ਇੱਕ ਇੰਜਣ, ਹੱਲ ਲੱਭਣ ਲਈ ਇੱਕ ਟੈਕਨਾਲੋਜੀ ਹੱਬ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਇੱਕ 'ਪਾਵਰਹਾਊਸ' ਵਜੋਂ ਵੇਖਦੀ ਹੈ।
ਮੋਦੀ ਨੇ ਕਿਹਾ ਕਿ ਭਾਰਤ ਦੇ 1.4 ਬਿਲੀਅਨ ਲੋਕਾਂ ਦੀਆਂ ਤਰਜੀਹਾਂ ਤੇ ਇੱਛਾਵਾਂ, ਮਨੁੱਖ-ਕੇਂਦਰਿਤ ਵਿਕਾਸ ਵਿੱਚ ਉਨ੍ਹਾਂ ਦਾ ਭਰੋਸਾ ਅਤੇ ਸਮਾਵੇਸ਼ ਤੇ ਬਰਾਬਰੀ ਲਈ ਵਚਨਬੱਧਤਾ ਵਿਸ਼ਵ ਖੁਸ਼ਹਾਲੀ ਅਤੇ ਵਿਸ਼ਵ ਵਿਕਾਸ ਦੀ ਮੁੱਖ ਨੀਂਹ ਹਨ। ਭਾਰਤ ਦੀਆਂ ਤਰਜੀਹਾਂ ਸਪੱਸ਼ਟ ਹਨ। ਇਹ ਟਿਕਾਊ ਉਦਯੋਗ, ਬੁਨਿਆਦੀ ਢਾਂਚਾ , ਨਿਰਮਾਣ, ਨਵੇਂ ਯੁੱਗ ਦੇ ਹੁਨਰ, ਭਵਿੱਖ ਦੀ ਤਕਨਾਲੋਜੀ, ਨਵੀਨਤਾ, ਹਰੀ ਹਾਈਡ੍ਰੋਜਨ, ਨਵਿਆਉਣਯੋਗ ਊਰਜਾ, ਸੈਮੀ-ਕੰਡੱਕਟਰ ਅਤੇ ਇਸ ਦਾ ਪੂਰਾ ਈਕੋ-ਸਿਸਟਮ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅੱਜ ਦੀ ਆਲਮੀ ਸਥਿਤੀ ਵਿੱਚ ਭਾਰਤ ਦੀ ਆਰਥਿਕਤਾ ਵਿੱਚ ਇੰਨੀ ਮਜ਼ਬੂਤੀ ਅਤੇ ਰਫਤਾਰ ਹੈ ਤਾਂ ਇਸ ਦਾ ਮੁੱਖ ਕਾਰਨ ਪਿਛਲੇ ਦਹਾਕੇ ਵਿੱਚ ਢਾਂਚਾਗਤ ਸੁਧਾਰਾਂ ’ਤੇ ਸਾਡਾ ਧਿਆਨ ਹੈ। ਮੋਦੀ ਨੇ ਇੰਡੀਆ-ਯੂ. ਏ. ਈ. ਰਿਸ਼ਤਿਆਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ ਸਿਹਰਾ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨੂੰ ਦਿੱਤਾ। ਉਹ ਇਸ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
ਉਨ੍ਹਾਂ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਵੀ ਭਾਰਤ ਨੇ ਵਿਸ਼ਵ ਦੇ ਭਵਿੱਖ ਲਈ ਇੱਕ ਬਲਿਊ ਪ੍ਰਿੰਟ ਪ੍ਰਦਾਨ ਕੀਤਾ ਸੀ । ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ ਇਹ ਐਡੀਸ਼ਨ ਉਸ ਦ੍ਰਿਸ਼ਟੀ ਨੂੰ ਅੱਗੇ ਲਿਜਾ ਰਿਹਾ ਹੈ। ਭਾਰਤ ਆਈ-2 ਯੂ-2 ਗਰੁੱਪ ਭਾਵ ਇਜ਼ਰਾਈਲ, ਭਾਰਤ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਬਹੁਪੱਖੀ ਸੰਗਠਨਾਂ ਨਾਲ ਆਪਣੀ ਭਾਈਵਾਲੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਨੇ ਬੈਂਕਾਂ ਵਿੱਚ ਪੂੰਜੀ ਦਾਖਲ ਕਰ ਕੇ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰ ਕੇ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ । 40,000 ਤੋਂ ਵੱਧ ਗੈਰ-ਅਨੁਪਾਲਣ ਖਤਮ ਕੀਤੇ ਗਏ ਹਨ। ਅਸੀਂ ਭਾਰਤ ਨੂੰ ਗਲੋਬਲ ਕਾਰੋਬਾਰ ਲਈ ਇੱਕ ਹੋਰ ਦਿਲਖਿਚਵੀਂ ਥਾਂ ਬਣਾਉਣ ਲਈ 3 ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏ.) ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਐੱਫ. ਟੀ. ਏ. ਆਬੂ ਧਾਬੀ ਨਾਲ ਹੈ। ਅਸੀਂ ਆਟੋਮੈਟਿਕ ਰੂਟਾਂ ਰਾਹੀਂ ਕਈ ਸੈਕਟਰਾਂ ਨੂੰ ਐੱਫ. ਡੀ. ਆਈ. ਲਈ ਖੋਲ੍ਹਿਆ ਹੈ। ਅੱਜ ਭਾਰਤ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਪੂੰਜੀਗਤ ਖਰਚ 10 ਸਾਲਾਂ ਵਿੱਚ ਪੰਜ ਗੁਣਾ ਵਧਿਆ ਹੈ। ਦੇਸ਼ ਹਰੀ ਊਰਜਾ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਤਿੰਨ ਗੁਣਾ ਅਤੇ ਸੂਰਜੀ ਊਰਜਾ ਸਮਰੱਥਾ 20 ਗੁਣਾ ਵਧੀ ਹੈ।