ਗੁਜਰਾਤ ਗੁਰਪੁਰਬ ਸਮਾਰੋਹ ’ਚ PM ਮੋਦੀ ਬੋਲੇ- ‘ਗੁਰਦੁਆਰਾ ਲਖਪਤ ਸਾਹਿਬ ਸਮੇਂ ਦੀ ਹਰ ਗਤੀ ਦਾ ਗਵਾਹ ਰਿਹੈ’
Saturday, Dec 25, 2021 - 01:28 PM (IST)
ਗੁਜਰਾਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਗੁਜਰਾਤ ਦੇ ਕੱਛ ਸਥਿਤ ਗੁਰਦੁਆਰਾ ਲਖਪਤ ਸਾਹਿਬ ’ਚ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕੀਤਾ। ਵੀਡੀਓ ਕਾਨਫਰੈਂਸਿੰਗ ਜ਼ਰੀਏ ਪ੍ਰਧਾਨ ਮੰਤਰੀ ਨੇ ਕੱਛ ’ਚ ਗੁਰਦੁਆਰਾ ਲਖਪਤ ਸਾਹਿਬ ਵਿਚ ਗੁਰ ਪੁਰਬ ਸਮਾਰੋਹ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਲਖਪਤ ਸਾਹਿਬ ਸਮੇਂ ਦੀ ਹਰ ਗਤੀ ਦਾ ਗਵਾਹ ਰਿਹਾ ਹੈ। ਲਖਪਤ ਸਾਹਿਬ ਗੁਰਦੁਆਰੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਜੁੜੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੀ ਦੁਨੀਆ ਤੱਕ ਨਵੀਂ ਊਰਜਾ ਨਾਲ ਪਹੁੰਚੇ, ਇਸ ਲਈ ਹਰ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਗਈਆਂ। ਅੱਜ ਗੁਰਦੁਆਰਾ ਸ਼ਾਨ ਨਾਲ ਖੜ੍ਹਾ ਹੈ। 2001 ਦੇ ਭੂਚਾਲ ਤੋਂ ਬਾਅਦ ਗੁਰਦੁਆਰਾ ਨੁਕਸਾਨਿਆ ਗਿਆ ਸੀ। ਮੈਨੂੰ ਗੁਰੂ ਕ੍ਰਿਪਾ ਨਾਲ ਇਸ ਪਵਿੱਤਰ ਸਥਾਨ ਦੀ ਸੇਵਾ ਕਰਨ ਦਾ ਸੌਭਾਗ ਮਿਲਿਆ ਸੀ। ਮੈਨੂੰ ਯਾਦ ਹੈ ਕਿ ਉਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸ਼ਿਲਪਕਾਰਾਂ ਨੇ ਇਸ ਸਥਾਨ ਦੇ ਮਾਣ ਨੂੰ ਸੁਰੱਖਿਅਤ ਕੀਤਾ। ਪ੍ਰਾਚੀਨ ਲੇਖਨ ਸ਼ੈਲੀ ਤੋਂ ਇੱਥੋਂ ਦੀਆਂ ਕੰਧਾਂ ’ਤੇ ਗੁਰਬਾਣੀ ਅੰਕਿਤ ਕੀਤੀ ਗਈ। ਇਸ ਪ੍ਰਾਜੈਕਟ ਨੂੰ ਉਦੋਂ ਯੂਨੈਸਕੋ ਨੇ ਵੀ ਸਨਮਾਨਤ ਕੀਤਾ ਸੀ।
Addressing a programme for Sri Guru Nanak Dev Ji’s Prakash Purab. https://t.co/5W9ZDLpn4T
— Narendra Modi (@narendramodi) December 25, 2021
ਮੋਦੀ ਨੇ ਕਿਹਾ ਕਿ ਦਹਾਕਿਆਂ ਤੋਂ ਜਿਸ ਕਰਤਾਰਪੁਰ ਸਾਹਿਬ ਲਾਂਘੇ ਦੀ ਉਡੀਕ ਸੀ। ਉਸ ਨੂੰ 2019 ਵਿਚ ਸਾਡੀ ਸਰਕਾਰ ਨੇ ਹੀ ਉਸ ਦੇ ਨਿਰਮਾਣ ਕੰਮ ਨੂੰ ਪੂਰਾ ਕੀਤਾ। ਗੁਰੂ ਕ੍ਰਿਪਾ ਦਾ ਸਭ ਤੋਂ ਵੱਡਾ ਅਨੁਭਵ ਕਿਸੇ ਲਈ ਹੋਰ ਕੀ ਹੋ ਸਕਦਾ ਹੈ। ਕੁਝ ਮਹੀਨੇ ਪਹਿਲਾਂ ਜਦੋਂ ਮੈਂ ਅਮਰੀਕਾ ਗਿਆ ਸੀ, ਤਾਂ ਉੱਥੇ ਅਮਰੀਕਾ ਨੇ ਭਾਰਤ ਨੂੰ 150 ਤੋਂ ਜ਼ਿਆਦਾ ਇਤਿਹਾਸਕ ਵਸਤੂਆਂ ਵਾਪਸ ਕੀਤੀਆਂ। ਇਸ ’ਚ ਇਕ ਛੋਟੀ ਤਲਵਾਰ ਵੀ ਹੈ, ਜਿਸ ’ਤੇ ਫ਼ਾਰਸੀ ਵਿਚ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਨਾਂ ਲਿਖਿਆ ਹੈ। ਇਹ ਵਸਤੂਆਂ ਵਾਪਸ ਲਿਆਉਣ ਦਾ ਸੌਭਾਗ ਵੀ ਸਾਡੀ ਹੀ ਸਰਕਾਰ ਨੂੰ ਮਿਲਿਆ। ਹੁਣੇ ਜਿਹੇ ਅਸੀਂ ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਭਾਰਤ ਲਿਆਉਣ ’ਚ ਸਫ਼ਲ ਰਹੇ ਹਾਂ। ਗੁਰੂ ਕ੍ਰਿਪਾ ਦਾ ਇਸ ਤੋਂ ਵੱਡਾ ਅਨੁਭਵ ਕਿਸੇ ਲਈ ਹੋਰ ਕੀ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਗੁਜਰਾਤ ਲਈ ਹਮੇਸ਼ਾ ਮਾਣ ਦੀ ਗੱਲ ਰਹੀ ਹੈ ਕਿ ਖਾਲਸਾ ਪੰਥ ਦੀ ਸਥਾਪਨਾ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜ ਪਿਆਰਿਆਂ ਵਿਚੋਂ ਚੌਥੇ ਗੁਰੂ ਸਿੱਖ, ਭਾਈ ਮੋਹਕਮ ਸਿੰਘ ਜੀ ਗੁਜਰਾਤ ਦੇ ਹੀ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬੇਟ ਦੁਆਰਕਾ ਭਾਈ ਮੋਹਕਮ ਸਿੰਘ ਦਾ ਨਿਰਮਾਣ ਹੋਇਆ ਹੈ। ਸਾਡੇ ਗੁਰੂਆਂ ਦਾ ਯੋਗਦਾਨ ਸਿਰਫ ਸਮਾਜ ਅਤੇ ਅਧਿਆਤਮ ਤੱਕ ਹੀ ਸੀਮਤ ਨਹੀਂ ਹੈ। ਸਗੋਂ ਸਾਡਾ ਰਾਸ਼ਟਰ, ਰਾਸ਼ਟਰ ਦੀ ਆਸਥਾ ਅਤੇ ਅਖੰਡਤਾ ਜੇਕਰ ਅੱਜ ਸੁਰੱਖਿਅਤ ਹੈ ਤਾਂ ਉਸ ਦੇ ਲਈ ਵੀ ਸਿੱਖ ਗੁਰੂਆਂ ਦੀ ਮਹਾਨ ਤੱਪਸਿਆ ਹੈ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖਤਾ ਪ੍ਰਤੀ ਆਪਣੇ ਵਿਚਾਰਾਂ ਲਈ ਸਦਾ ਡਟੇ ਰਹੇ, ਉਹ ਸਾਨੂੰ ਭਾਰਤ ਦੀ ਆਤਮਾ ਦੇ ਦਰਸ਼ਨ ਕਰਾਉਂਦਾ ਹੈ। ਦੇਸ਼ ਨੇ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਦੀ ਪਦਵੀ ਦਿੱਤੀ, ਜੋ ਸਾਨੂੰ ਸਿੱਖ ਪਰੰਪਰਾ ਪ੍ਰਤੀ ਹਰ ਇਕ ਭਾਰਤ ਵਾਸੀ ਦੇ ਜੁੜਾਅ ਨੂੰ ਵਿਖਾਉਂਦਾ ਹੈ। ਔਰੰਗਜ਼ੇਬ ਖ਼ਿਲਾਫ਼ ਗੁਰੂ ਜੀ ਦਾ ਬਲੀਦਨ ਸਾਨੂੰ ਸਿਖਾਉਂਦਾ ਹੈ ਕਿ ਅੱਤਵਾਦ ਅਤੇ ਮਜ਼ਹਬੀ ਕੱਟੜਤਾ ਨਾਲ ਦੇਸ਼ ਕਿਵੇਂ ਲੜਦਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕੋਹਿਮਾ ਤੱਕ, ਪੂਰਾ ਦੇਸ਼ ਇਕ ਸਾਥ ਸੁਫ਼ਨੇ ਵੇਖ ਰਿਹਾ ਹੈ। ਇਕ ਸਾਥ ਉਨ੍ਹਾਂ ਦੀ ਸਿੱਧੀ ਲਈ ਕੋਸ਼ਿਸ਼ਾਂ ਕਰ ਰਿਹਾ ਹੈ।