ਪੈਟਰੋਲ ਪੰਪ ''ਤੇ ਧਮਾਕੇ ਮਗਰੋਂ ਲੱਗ ਗਈ ਅੱਗ ! 12 ਲੋਕ ਝੁਲਸੇ, ਕਈ ਵਾਹਨ ਵੀ ਸੜ ਕੇ ਸੁਆਹ
Tuesday, May 12, 2026 - 10:58 AM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਪਚੌਰ ਕਸਬੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਰਾਤ ਇੱਕ ਪੈਟਰੋਲ ਪੰਪ 'ਤੇ ਭਿਆਨਕ ਅੱਗ ਲੱਗਣ ਕਾਰਨ 12 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਇੱਕ ਡੀਜ਼ਲ ਟੈਂਕਰ ਅਤੇ ਲਗਭਗ ਇੱਕ ਦਰਜਨ ਮੋਟਰਸਾਈਕਲ ਸੜ ਕੇ ਸਵਾਹ ਹੋ ਗਏ ਹਨ।
ਸਾਰੰਗਪੁਰ ਦੇ ਐੱਸ.ਡੀ.ਓ.ਪੀ. ਅਰਵਿੰਦ ਸਿੰਘ ਅਨੁਸਾਰ, ਇਹ ਘਟਨਾ ਸੋਮਵਾਰ ਰਾਤ ਕਰੀਬ 9 ਵਜੇ ਵਾਪਰੀ। ਪੈਟਰੋਲ ਪੰਪ 'ਤੇ ਇੱਕ ਮੋਟਰਸਾਈਕਲ ਵਿੱਚ ਤੇਲ ਭਰਿਆ ਜਾ ਰਿਹਾ ਸੀ ਕਿ ਅਚਾਨਕ ਇੱਕ ਚੰਗਿਆੜੀ ਨਿਕਲੀ, ਜਿਸ ਨੇ ਤੁਰੰਤ ਭਿਆਨਕ ਅੱਗ ਦਾ ਰੂਪ ਧਾਰ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉੱਥੇ ਖੜ੍ਹੇ ਇੱਕ ਡੀਜ਼ਲ ਟੈਂਕਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਕਈ ਧਮਾਕੇ ਹੋਏ।
ਇਸ ਹਾਦਸੇ ਵਿੱਚ 12 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ 'ਚੋਂ ਇੱਕ ਵਿਅਕਤੀ ਦੀ ਹਾਲਤ ਬੇਹੱਦ ਗੰਭੀਰ ਹੋਣ ਕਾਰਨ ਉਸ ਨੂੰ ਇੰਦੌਰ ਰੈਫਰ ਕੀਤਾ ਗਿਆ ਹੈ। 5 ਹੋਰ ਜ਼ਖਮੀਆਂ ਨੂੰ ਸ਼ਾਜਾਪੁਰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੰਪ 'ਤੇ ਖੜ੍ਹੇ 12 ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਏ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਨਗਰ ਪਾਲਿਕਾ ਅਧਿਕਾਰੀ ਦੀਪਕ ਰਣਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਮੌਕੇ 'ਤੇ ਪਹੁੰਚੇ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਅਤੇ ਪੈਟਰੋਲ ਪੰਪ 'ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਸਕੇ।
