ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ’ਤੇ ਕਾਂਗਰਸ ਦਾ ਤੰਜ਼- ਕਦੋਂ ਰੁਕੇਗੀ ਇਹ ਰੋਜ਼ਾਨਾ ਦੀ ‘ਪਾਕੇਟਮਾਰੀ’
Wednesday, Mar 30, 2022 - 11:25 AM (IST)
ਨਵੀਂ ਦਿੱਲੀ– ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ, ਕੇਂਦਰ ਸਰਕਾਰ ’ਤੇ ਹਮਲਾਵਰ ਹੈ। ਬੀਤੇ 9 ਦਿਨਾਂ ’ਚ 8ਵੀਂ ਵਾਰ ਪੈਟਰੋਲ ਦੀਆਂ ਕੀਮਤਾਂ ’ਚ ਅੱਜ ਫਿਰ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਦਰਮਿਆਨ ਕਾਂਗਰਸ ਨੇ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਵਸੂਲੀ ਅਤੇ ਲੁੱਟ ਲਗਾਤਾਰ ਜਾਰੀ ਹੈ।
ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਕਿਹਾ, ‘‘ਰੋਜ਼ਾਨਾ ਮਹਿੰਗਾਈ ਦਾ ‘ਗੁਰਿੱਲਾ ਹਮਲਾ’ ਜਾਰੀ ਹੈ, ਕਦੋਂ ਰੁਕੇਗੀ ਇਹ ਰੋਜ਼ ਸਵੇਰੇ-ਸਵੇਰੇ ਦੀ ‘ਪਾਕੇਟਮਾਰੀ’? ਇਹ ਲੁੱਟ-ਖੋਹ ਕਦੋਂ ਬੰਦ ਹੋਵੇਗੀ। ਕੀ ਮੋਦੀ ਜੀ ਜਵਾਬ ਦੇਣਗੇ?’’
ਇਕ ਹੋਰ ਟਵੀਟ ’ਚ ਸੂਰਜੇਵਾਲਾ ਨੇ ਲਿਖਿਆ, ‘‘ਮੋਦੀ ਸਰਕਾਰ ਨੇ ਪੈਟਰੋਲ ਦਾ ਸੈਂਕੜਾ ਲਾ ਹੀ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਸ਼ਹਿਰਾਂ ’ਚ ਕੀਮਤਾਂ ਲਿਖ ਕੇ ਸਰਕਾਰ ’ਤੇ ਤੰਜ ਕੱਸਿਆ।
• ਦਿੱਲੀ-101.01/ਲੀਟਰ
• ਲਖਨਊ-100.86/ਲੀਟਰ
• ਅਹਿਮਦਾਬਾਦ-100.68/ਲੀਟਰ
• ਬੈਂਗਲੋਰ-106.46/ਲੀਟਰ
• ਪਟਨਾ-111.68/ਲੀਟਰ
• ਮੁੰਬਈ-115.88/ਲੀਟਰ
ਜਾਣਕਾਰੀ ਮੁਤਾਬਕ ਦਿੱਲੀ ’ਚ ਅੱਜ ਪੈਟਰੋਲ ਦੀਆਂ ਕੀਮਤਾਂ 80 ਪੈਸੇ ਦੀ ਬੜ੍ਹਤ ਮਗਰੋਂ 101.0 ਰੁਪਏ ਪ੍ਰਤੀ ਲੀਟਰ ’ਤੇ ਆ ਗਈਆਂ ਹਨ। ਡੀਜ਼ਲ ਦੀਆਂ ਕੀਮਤਾਂ ’ਚ 80 ਪੈਸੇ ਦੀ ਬੜ੍ਹਤ ਮਗਰੋਂ 92.27 ਰੁਪਏ ਪ੍ਰਤੀ ਲੀਟਰ ’ਤੇ ਆ ਗਏ ਹਨ।