ਮੁਸ਼ਕਲਾਂ ''ਚ ਘਿਰੀ ਸੋਨਾਲੀ ਫੋਗਾਟ, ਜ਼ਮਾਨਤ ਖਾਰਜ ਕਰਾਉਣ ਲਈ ਅਦਾਲਤ ''ਚ ਪਟੀਸ਼ਨ ਦਾਇਰ

Saturday, Jun 27, 2020 - 05:02 PM (IST)

ਹਿਸਾਰ (ਵਾਰਤਾ)— ਹਰਿਆਣਾ ਦੇ ਹਿਸਾਰ ਜ਼ਿਲੇ ਵਿਚ ਥੱਪੜ-ਚੱਪਲ ਕਾਂਡ ਵਿਚ ਭਾਜਪਾ ਮਹਿਲਾ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਫੋਗਾਟ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਾਉਣ ਲਈ ਹੁਣ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਦੇ ਵਕੀਲ ਮਹਿੰਦਰ ਸਿੰਘ ਨੈਨ ਨੇ ਅਦਾਲਤ ਦਾ ਰੁਖ਼ ਕੀਤਾ ਹੈ ਅਤੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਵਕੀਲ ਨੇ ਸੋਨਾਲੀ ਫੋਗਾਟ 'ਤੇ ਗਵਾਹਾਂ ਨੂੰ ਧਮਕਾਉਣ ਦੇ ਦੋਸ਼ ਲਾਏ ਹਨ। 

ਦੱਸ ਦੇਈਏ ਕਿ ਫੋਗਾਟ ਨੇ ਬੀਤੀ 5 ਜੂਨ ਨੂੰ ਪਿੰਡ ਬਾਲਸਮੰਦ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਦੀ ਥੱਪੜ ਅਤੇ ਚੱਪਲ ਨਾਲ ਕੁੱਟਮਾਰ ਕੀਤੀ ਸੀ। ਸਕੱਤਰ ਸੁਲਤਾਨ ਸਿੰਘ ਦੀ ਸ਼ਿਕਾਇਤ 'ਤੇ ਦਰਜ ਇਸ ਕੇਸ ਵਿਚ ਪੁਲਸ ਨੇ 17 ਜੂਨ ਨੂੰ ਸੋਨਾਲੀ ਫੋਗਾਟ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਦਿਨ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਹੁਣ ਸ਼ਿਕਾਇਤਕਰਤਾ ਸੁਲਤਾਨ ਸਿੰਘ ਦੇ ਵਕੀਲ ਮਹਿੰਦਰ ਸਿੰਘ ਨੈਨ ਜ਼ਮਾਨਤ ਖਾਰਜ ਕਰਵਾਉਣ ਲਈ ਅਦਾਲਤ ਪਹੁੰਚ ਗਏ ਹਨ। ਨੈਨ ਨੇ ਸੋਨਾਲੀ ਫੋਗਾਟ ਵਲੋਂ 21 ਜੂਨ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਦੀ ਸੀਡੀ ਵੀ ਅਦਾਲਤ 'ਚ ਪੇਸ਼ ਕੀਤੀ। ਉਸ 'ਚ ਵਕੀਲ ਨੈਨ ਵਲੋਂ ਗਵਾਹਾਂ ਨੂੰ ਡਰਾਉਣ ਦੀ ਗੱਲ ਆਖੀ ਗਈ ਹੈ।

ਪਟੀਸ਼ਨ ਮਿਲਣ 'ਤੇ ਅਦਾਲਤ ਨੇ ਇਸ 'ਤੇ ਅਗਲੀ ਸੁਣਵਾਈ ਲਈ ਇਕ ਜੁਲਾਈ ਦੀ ਤਾਰੀਖ਼ ਦਿੱਤੀ ਹੈ। ਉਸੇ ਦਿਨ ਸੁਲਤਾਨ ਥੱਪੜ-ਚੱਪਲ ਨਾਲ ਕੁੱਟਮਾਰ ਮਾਮਲੇ 'ਚ ਚਾਰਜ 'ਤੇ ਵੀ ਬਹਿਸ ਹੋਣੀ ਹੈ। ਇਸ ਥੱਪੜ ਕਾਂਡ ਮਾਮਲੇ 'ਚ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ। ਐੱਸ. ਆਈ. ਟੀ. ਨੇ ਸੁਲਤਾਨ ਸਿੰਘ ਦੀ ਸ਼ਿਕਾਇਤ ਦੀ ਜਾਂਚ ਪੂਰੀ ਕੀਤੀ ਅਤੇ ਸੋਨਾਲੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਸੀ। ਅਦਾਲਤ ਨੇ ਕੋਰੋਨਾ ਵਾਇਰਸ ਦੇ ਚੱਲਦੇ ਸੋਨਾਲੀ ਨੂੰ ਜ਼ਮਾਨਤ ਦੇ ਦਿੱਤੀ ਸੀ।


Tanu

Content Editor

Related News