ਯੂਜੀਸੀ-ਨੈੱਟ 2024 ਰੱਦ ਕਰਨ ਦੇ ਸਰਕਾਰ ਦੇ ਆਦੇਸ਼ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ

Monday, Aug 12, 2024 - 05:23 PM (IST)

ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ- ਰਾਸ਼ਟਰੀ ਯੋਗਤਾ ਪ੍ਰੀਖਿਆ (ਯੂ.ਜੀ.ਸੀ.-ਨੈੱਟ) 2024 ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਆਦੇਸ਼ ਵਿਰੁੱਧ ਦਾਇਰ ਜਨਹਿਤ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਸੋਮਵਾਰ ਨੂੰ ਖਾਰਜ ਕਰ ਦਿੱਤਾ ਕਿ ਮੁੜ ਤੈਅ 21 ਅਗਸਤ ਨੂੰ ਪ੍ਰੀਖਿਆ ਆਯੋਜਿਤ ਕਰਨ ਦੇ ਫ਼ੈਸਲੇ 'ਚ ਇਸ ਪੱਧਰ 'ਤੇ ਦਖ਼ਵਅੰਦਾਜੀ ਕਰਨ ਨਾਲ ਪੂਰੀ ਤਰ੍ਹਾਂ ਅਰਾਜਕਤਾ ਫੈਲ ਜਾਵੇਗੀ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਪਰਵੀਨ ਡਬਾਸ ਅਤੇ ਹੋਰ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਤੈਅ ਤਾਰੀਖ਼ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਬੈਂਚ ਨੇ ਕਿਹਾ,''ਅਸੀਂ ਇਕ ਆਦਰਸ਼ ਸੰਸਾਰ ਵਿਚ ਨਹੀਂ ਹਾਂ। ਪ੍ਰੀਖਿਆਵਾਂ 21 ਅਗਸਤ ਨੂੰ ਹੋਣ ਦਿਓ। ਵਿਦਿਆਰਥੀਆਂ ਲਈ ਨਿਸ਼ਚਿਤਤਾ ਹੋਣੀ ਚਾਹੀਦੀ ਹੈ।'' ਬੈਂਚ ਨੇ ਕਿਹਾ,''ਮੌਜੂਦਾ ਸਥਿਤੀ 'ਚ ਪਟੀਸ਼ਨਕਰਤਾਵਾਂ ਨੇ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਲਗਭਗ 2 ਮਹੀਨੇ ਬੀਤ ਚੁੱਕੇ ਹਨ। ਪਟੀਸ਼ਨ 'ਤੇ ਵਿਚਾਰ ਕਰਨ ਨਾਲ ਅਨਿਸ਼ਚਿਤਤਾ ਵਧੇਗੀ ਅਤੇ ਨਤੀਜੇ ਵਜੋਂ ਪੂਰੀ ਤਰ੍ਹਾਂ ਅਰਾਜਕਤਾ ਹੋਵੇਗੀ।''

ਸੁਪਰੀਮ ਕੋਰਟ ਨੇ ਕਿਹਾ ਕਿ ਉਸ ਸਮੇਂ ਸਰਕਾਰ NEET ਮੁੱਦੇ ਕਾਰਨ ਦੁੱਗਣੀ ਸਾਵਧਾਨੀ ਵਰਤ ਰਹੀ ਸੀ ਅਤੇ ਪ੍ਰਸ਼ਨ ਪੱਤਰ ਜਨਤਕ ਕੀਤੇ ਜਾਣ ਦੇ ਦੋਸ਼ਾਂ ਕਾਰਨ ਯੂਜੀਸੀ ਨੈੱਟ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਸਰਕਾਰ ਨੇ ਲਿਆ ਸੀ। ਸੁਪਰੀਮ ਕੋਰਟ ਨੇ ਪਰਵੀਨ ਡਬਾਸ ਅਤੇ ਹੋਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਸਿਰਫ਼ 47 ਪਟੀਸ਼ਨਰ ਹਨ ਪਰ 9 ਲੱਖ ਉਮੀਦਵਾਰ ਯੂਜੀਸੀ ਨੈੱਟ 'ਚ ਹਾਜ਼ਰ ਹੋ ਰਹੇ ਹਨ। UGC-NET 19 ਜੂਨ ਨੂੰ ਆਯੋਜਿਤ ਕੀਤੀ ਗਈ ਸੀ ਪਰ ਮੈਡੀਕਲ 'ਚ ਗ੍ਰੈਜੁਏਟ ਪੱਧਰ ਦੇ ਕੁਝ ਪਾਠਕ੍ਰਮਾਂ 'ਚ ਦਾਖਲੇ ਲਈ ਆਯੋਜਿਤ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET-UG) 'ਚ ਕਥਿਤ ਬੇਨਿਯਮੀਆਂ ਦੇ ਮੱਦੇਨਜ਼ਰ ਕੇਂਦਰ ਵਲੋਂ ਇਸ ਨੂੰ ਰੱਦ ਕਰ ਦਿੱਤਾ ਸੀ। ਸਰਕਾਰ ਨੇ ਬਾਅਦ 'ਚ 21 ਅਗਸਤ ਨੂੰ ਨਵੀਂ ਪ੍ਰੀਖਿਆ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਸੀ। ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ 'ਚ ਤੇਜ਼ੀ ਲਿਆਉਣ ਦੀ ਪਟੀਸ਼ਨਕਰਤਾਵਾਂ ਦੀ ਗੁਹਾਰ ਵੀ ਠੁਕਰਾ ਦਿੱਤੀ। ਉਨ੍ਹਾਂ ਦਾ ਤਰਕ ਸੀ ਕਿ ਸੀ.ਬੀ.ਆਈ. ਨੇ ਹਾਲ ਹੀ 'ਚ ਪਾਇਆ ਹੈ ਕਿ ਪ੍ਰਸ਼ਨ ਪੱਤਰ ਜਨਤਕ ਹੋਣ ਦੇ ਤੱਥ ਫਰਜ਼ੀ ਸਨ, ਇਸ ਲਈ ਇਹ ਪ੍ਰੀਖਿਆ ਰੱਦ ਕਰਨ ਦੇ ਫ਼ੈਸਲੇ ਦੀ ਤਰਕਸੰਗਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਕੇਂਦਰੀ ਸਿੱਖਿਆ ਮੰਤਰਾਲਾ ਨੇ 19 ਜੂਨ ਨੂੰ ਯੂਜੀਸੀ-ਨੈੱਟ ਪ੍ਰੀਖਿਆ ਰੱਦ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਜਾਂਚ ਲਈ ਮਾਮਲੇ ਨੂੰ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News