ਜੰਮੂ ਕਸ਼ਮੀਰ : 6 ਜੂਨ ਤੱਕ ਸੁਰੱਖਿਅਤ ਥਾਂਵਾਂ ’ਤੇ ਤਾਇਨਾਤ ਹੋਣਗੇ ਹਿੰਦੂ ਸਰਕਾਰੀ ਮੁਲਾਜ਼ਮ

Thursday, Jun 02, 2022 - 10:06 AM (IST)

ਜੰਮੂ ਕਸ਼ਮੀਰ : 6 ਜੂਨ ਤੱਕ ਸੁਰੱਖਿਅਤ ਥਾਂਵਾਂ ’ਤੇ ਤਾਇਨਾਤ ਹੋਣਗੇ ਹਿੰਦੂ ਸਰਕਾਰੀ ਮੁਲਾਜ਼ਮ

ਸ਼੍ਰੀਨਗਰ/ਜੰਮੂ (ਉਦੇ)- ਕਸ਼ਮੀਰ ਵਿਚ ਵਧ ਰਹੇ ਖ਼ਤਰੇ ਦੀ ਧਾਰਨਾ ਨੂੰ ਧਿਆਨ ’ਚ ਰਖਦਿਆਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ ਤਹਿਤ ਨਿਯੁਕਤ ਕੀਤੇ ਗਏ ਹਿੰਦੂ ਸਰਕਾਰੀ ਕਰਮਚਾਰੀਆਂ, ਕਸ਼ਮੀਰੀ ਪ੍ਰਵਾਸੀਆਂ ਅਤੇ ਜੰਮੂ ਡਿਵੀਜ਼ਨ ਦੇ ਹੋਰ ਕਰਮਚਾਰੀਆਂ ਨੂੰ 6 ਜੂਨ ਤੱਕ ਵਾਦੀ ਵਿਚ ਸੁਰੱਖਿਅਤ ਥਾਵਾਂ ’ਤੇ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਾਜ਼ਮਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਾਇਨਾਤ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਲੈਫਟੀਨੈਂਟ ਗਵਰਨਰ ਸਕੱਤਰੇਤ ਵਿਚ ਇਕ ਵਿਸ਼ੇਸ਼ ਸੈੱਲ ਕੰਮ ਕਰੇਗਾ ਜੋ ਈ-ਮੇਲ ਰਾਹੀਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗਾ।

ਇਹ ਫ਼ੈਸਲਾ ਕਸ਼ਮੀਰ ’ਚ ਅੱਤਵਾਦੀਆਂ ਵਲੋਂ ਹਿੰਦੂ ਸਰਕਾਰੀ ਕਰਮਚਾਰੀਆਂ ਦੀ ਟਾਰਗੈੱਟ ਕਿਲਿੰਗ ਅਤੇ ਉਨ੍ਹਾਂ ਵਲੋਂ ਕਸ਼ਮੀਰ ’ਚੋਂ ਨਿਕਲਣ ਦੇ ਡਰ ਤੋਂ ਬਾਅਦ ਲਿਆ ਗਿਆ ਹੈ। ਕਸ਼ਮੀਰ ਡਿਵੀਜ਼ਨ ਵਿੱਚ ਤਾਇਨਾਤ ਘੱਟ ਗਿਣਤੀ ਭਾਈਚਾਰਿਆਂ ਦੇ ਪੀ. ਐਮ. ਪੈਕੇਜ ਵਰਕਰਾਂ ਅਤੇ ਹੋਰਾਂ ਨੂੰ ਸੋਮਵਾਰ 6 ਜੂਨ ਤੱਕ ਸੁਰੱਖਿਅਤ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਸਰਕਾਰ ਨੇ ਜੰਮੂ ਨਾਲ ਸਬੰਧਤ ਮੁਲਾਜ਼ਮਾਂ ਦੇ ਵੇਰਵੇ ਵੀ ਤਲਬ ਕੀਤੇ ਹਨ ਜਿਨ੍ਹਾਂ ’ਚ ਕਸ਼ਮੀਰ ਵਿੱਚ ਤਾਇਨਾਤ ਪ੍ਰਵਾਸੀ ਮੁਲਾਜ਼ਮ ਵੀ ਸ਼ਾਮਲ ਹਨ। ਇਹ ਫ਼ੈਸਲਾ ਬੁੱਧਵਾਰ ਉਪ ਰਾਜਪਾਲ ਮਨੋਜ ਸਿਨ੍ਹਾ ਦੀ ਪ੍ਰਧਾਨਗੀ ਹੇਠ ਹੋਈ ਪ੍ਰਸ਼ਾਸਨਿਕ ਮੁਖੀਆਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਪੀ. ਐੱਮ. ਘੱਟ ਗਿਣਤੀ ਭਾਈਚਾਰੇ ਦੇ ਮੁਲਾਜ਼ਮਾਂ ਦੇ ਪੈਕੇਜ ਅਤੇ ਹੋਰ ਮੁੱਦਿਆਂ ਜਿਵੇਂ ਤਰੱਕੀ ਅਤੇ ਸੀਨੀਆਰਤਾ ਸੂਚੀ ਤਿਆਰ ਕਰਨ ਦਾ ਕੰਮ ਤਿੰਨ ਹਫ਼ਤਿਆਂ ਵਿਚ ਪੂਰਾ ਕੀਤਾ ਜਾਵੇਗਾ। ਡੀ .ਸੀ. ਅਤੇ ਐੱਸ. ਐੱਸ. ਪੀ. ਨੂੰ ਪ੍ਰਧਾਨ ਮੰਤਰੀ ਦੇ ਘੱਟ ਗਿਣਤੀ ਭਾਈਚਾਰੇ ਦੇ ਕਰਮਚਾਰੀਆਂ ਦੇ ਪੈਕੇਜ ਅਤੇ ਰਿਹਾਇਸ਼ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਅੱਤਵਾਦੀ ਕਤਲਾਂ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਸੁਰੱਖਿਅਤ ਥਾਂ ’ਤੇ ਤਾਇਨਾਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।


author

DIsha

Content Editor

Related News