ਡੇਂਗੂ ਨੇ ਬਦਲਿਆ ਆਪਣਾ ਰੂਪ, ਬਿਨ੍ਹਾਂ ਸਿਰਦਰਦ ਅਤੇ ਬੁਖਾਰ ਦੇ ਲੋਕ ਹੋ ਰਹੇ ਹਨ ਸ਼ਿਕਾਰ
Wednesday, Oct 24, 2018 - 01:36 PM (IST)

ਨਵੀਂ ਦਿੱਲੀ-ਰਾਜਧਾਨੀ 'ਚ ਡੇਂਗੂ ਦਾ ਨਵਾਂ ਰੂਪ ਦੇਖਣ ਨੂੰ ਸਾਹਮਣੇ ਆਇਆ ਹੈ। ਹੁਣ ਤੱਕ ਸਿਰਦਰਦ ਅਤੇ ਬੁਖਾਰ ਨਾਲ ਲੋਕਾਂ ਨੂੰ ਬੇਹਾਲ ਕਰ ਦੇਣ ਵਾਲਾ ਡੇਂਗੂ ਬੁਖਾਰ ਬੇਹੱਦ ਹੀ ਚੁੱਪ-ਚਾਪ ਲੋਕਾਂ ਨੂੰ ਆਪਣੇ ਅੰਦਾਜ਼ 'ਚ ਸ਼ਿਕਾਰ ਬਣਾ ਰਿਹਾ ਹੈ। ਮਾਹਿਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੇਂ ਰੂਪ 'ਚ ਲੋਕਾਂ ਨੂੰ ਚਪੇਟ 'ਚ ਲੈਣ ਵਾਲੇ ਡੇਂਗੂ ਤੋਂ ਪ੍ਰਭਾਵਿਤ ਕਈ ਮਰੀਜ਼ ਏਮਸ (AIIMS) ਸਮੇਤ ਦਿੱਲੀ ਦੇ ਅਲੱਗ-ਅਲੱਗ ਹਸਪਤਾਲਾਂ 'ਚ ਪਹੁੰਚ ਰਹੇ ਹਨ। ਮਾਹਿਰ ਡੇਂਗੂ ਦੇ ਇਸ ਨਵੇਂ ਰੂਪ ਨੂੰ ਦੇਖ ਕੇ ਹੈਰਾਨ
ਹਨ।
ਏਮਸ ਦੇ ਇਕ ਸੀਨੀਅਰ ਡਾਕਟਰ ਦੇ ਮੁਤਾਬਕ ਕੁਝ ਅਜਿਹੇ ਮਰੀਜ਼ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਨਾ ਸਿਰਦਰਦ ਦੀ ਸਮੱਸਿਆ ਹੋਈ ਅਤੇ ਨਾ ਹੀ ਬੁਖਾਰ ਹੋਇਆ ਪਰ ਉਨ੍ਹਾਂ ਦੇ ਪਲੇਟਲੈਟਸ ਘੱਟ ਸੀ ਅਤੇ ਕਮਜ਼ੋਰੀ ਹਾਵੀ ਸੀ। ਨਤੀਜੇ ਵਜੋਂ ਲੋਕਾਂ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਉਣਾ ਪਿਆ। ਏਮਸ ਦੇ ਹੀ ਇਕ ਹੋਰ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦਾ ਇਕ ਅਧਿਐਨ ਵੀ ਕੀਤਾ ਦਾ ਰਿਹਾ ਹੈ, ਜਿਸ 'ਚ ਇਹ ਸਾਬਿਤ ਹੋ ਚੁੱਕਿਆ ਹੈ ਕਿ ਡੇਂਗੂ ਮੱਛਰਾਂ ਦੇ ਵਾਇਰਸ ਸਟ੍ਰੈਨ 'ਚ ਬਦਲਾਅ ਮਿਲੇ ਹਨ ਪਰ ਮਾਹਿਰਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਡੇਂਗੂ ਦਾ ਇਹ ਨਵਾਂ ਸਟ੍ਰੈਨ ਜਾਨਲੇਵਾ ਨਹੀਂ ਹੈ ਅਤੇ ਇਹ ਲੋਕਾਂ ਦੇ ਲਈ ਰਾਹਤ ਦੀ ਗੱਲ ਹੈ। ਡਾਕਟਰਾਂ ਮੁਤਾਬਕ ਡੇਂਗੂ ਨੂੰ ਹਲਕੇ 'ਚ ਲੈਣ ਦੀ ਭੁੱਲ ਨਹੀਂ ਕੀਤੀ ਜਾਣੀ ਚਾਹੀਦੀ ਹੈ ਅਤੇ ਸਭ ਤਰ੍ਹਾਂ ਦੀ ਸਾਵਧਾਨੀ ਅਤੇ ਜਾਗਰੂਕਤਾ ਵਰਤਣੀ ਚਾਹੀਦੀ ਹੈ।
ਲੱਛਣਾਂ 'ਚ ਬਦਲਾਅ ਦੇ ਨਾਲ ਪਹਿਚਾਣ ਕਰਨੀ ਨਹੀਂ ਹੈ ਆਸਾਨ-
ਸਫਦਰਗੰਜ ਹਸਪਤਾਲ ਦੇ ਕਮਿਊਨਿਟੀ ਮੈਡੀਕਲ ਵਿਭਾਗ ਦੇ ਨਿਰਦੇਸ਼ਕ ਅਤੇ ਐੱਚ. ਓ. ਡੀ. ਪ੍ਰੋਫੈਸਰ ਜੁਗਲ ਕਿਸ਼ੋਰ ਨੇ ਦੱਸਿਆ ਹੈ ਕਿ ਡੇਂਗੂ ਮਰੀਜ਼ਾਂ ਦੀ ਪਹਿਚਾਣ ਦੇ ਲਈ ਬੁਖਾਰ ਅਤੇ ਸਿਰਦਰਦ ਨੂੰ ਹੁਣ ਤੱਕ ਆਮ ਲੱਛਣਾਂ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਡੇਂਗੂ ਮਰੀਜਾਂ 'ਚ 100 ਡਿਗਰੀ ਤਾਪਮਾਨ ਬਣਿਆ ਰਹਿੰਦਾ ਸੀ। ਅਜਿਹੇ 'ਚ ਮਰੀਜ਼ਾ ਦਾ ਇਲਾਜ ਪੈਰਾਸੀਟਾਮੋਲ ਅਤੇ ਗਲੂਕੋਜ ਦੇ ਕੇ ਕੀਤਾ ਜਾ ਰਿਹਾ ਸੀ ਪਰ ਨਵੇਂ ਲੱਛਣਾਂ ਵਾਲੇ ਡੇਂਗੂ ਦੇ ਇਲਾਜ ਨੂੰ ਲੈ ਕੇ ਹੁਣ ਉੱਚ ਪੱਧਰੀ ਚੇਤਾਵਨੀ ਵਰਤਣ ਦੀ ਜ਼ਰੂਰਤ ਪੈ ਰਹੀ ਹੈ। ਏਮਸ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈ ਕਿ ਏਮਸ 'ਚ ਹੁਣ ਕੁਝ ਸਮਾਂ ਪਹਿਲਾਂ ਹੀ ਇਕ 50 ਸਾਲ ਮਰੀਜ਼ ਨੂੰ ਡੇਂਗੂ ਦੇ ਨਵੇਂ ਲੱਛਣਾਂ ਦੇ ਨਾਲ ਦਾਖਿਲ ਕੀਤਾ ਗਿਆ ਸੀ। ਉਸ ਨੂੰ ਬੁਖਾਰ ਅਤੇ ਸਿਰਦਰਦ ਨਹੀਂ ਸੀ ਪਰ ਡੇਂਗੂ ਦੀ ਪੁਸ਼ਟੀ ਹੋਈ ਹੈ।
ਰੋਗ ਦੀ ਇੰਝ ਪਹਿਚਾਣ ਕਰੋ -
ਮਾਹਿਰਾਂ ਮੁਤਾਬਕ ਜੇਕਰ ਮਰੀਜ਼ 'ਚ ਲਿਕੋਪਨੀਆ (ਵਾਈਟ ਸੈੱਲ) ਅਤੇ ਪਲੇਟਲੈਟਸ ਦੀ ਗਿਣਤੀ 'ਚ ਕਮੀ ਦੇਖੀ ਜਾਵੇ ਤਾਂ ਬੁਖਾਰ ਨਾ ਹੋਣ 'ਤੇ ਵੀ ਮਰੀਜ਼ ਦਾ ਡੇਂਗੂ ਟੈਸਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਬਗੈਰ ਠੋਸ ਕਾਰਨ ਬਲੱਡ ਪ੍ਰੈਸ਼ਰ 'ਚ ਗਿਰਾਵਟ ਆਉਣ ਦੇ ਨਾਲ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਤਰੁੰਤ ਮਾਹਿਰਾਂ ਦੀ ਸਲਾਹ ਤੋਂ ਬਾਅਦ ਬਲੱਡ ਦੀ ਜਾਂਚ ਕਰਵਾਉਣੀ ਚਾਹੀਦੀ ਹੈ।