ਰੋਕ ਦੇ ਬਾਵਜੂਦ ਜਹਾਂਗੀਰਪੁਰੀ ਵਿਚ ਲੋਕਾਂ ਨੇ ਰਾਮਨੌਮੀ 'ਤੇ ਕੱਢੀ ਸ਼ੋਭਾਯਾਤਰਾ, ਦਿੱਲੀ ਪੁਲਸ ਨੇ ਵਧਾਈ ਸੁਰੱਖਿਆ

Thursday, Mar 30, 2023 - 08:36 PM (IST)

ਰੋਕ ਦੇ ਬਾਵਜੂਦ ਜਹਾਂਗੀਰਪੁਰੀ ਵਿਚ ਲੋਕਾਂ ਨੇ ਰਾਮਨੌਮੀ 'ਤੇ ਕੱਢੀ ਸ਼ੋਭਾਯਾਤਰਾ, ਦਿੱਲੀ ਪੁਲਸ ਨੇ ਵਧਾਈ ਸੁਰੱਖਿਆ

ਨਵੀਂ ਦਿੱਲੀ (ਭਾਸ਼ਾ): ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਵਿਚ ਵੀਰਵਾਰ ਨੂੰ ਰਾਮਨੌਮੀ ਮੌਕੇ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਨਿਯਮਾਂ ਦੇ ਖ਼ਿਲਾਫ਼ ਮਾਰਚ ਕੱਢਿਆ, ਜਿਸ ਤੋਂ ਬਾਅਦ ਇਲਾਕੇ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਖ਼ਤਰਾ ਟਾਲਣ ਲਈ ਦੰਗਾ ਰੋਕੂ ਬਲ ਤਾਇਨਾਤ ਕਰਨਾ ਪਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ ਨੇ ਇਕ ਸਮੂਹ ਦੇ ਲੋਕਾਂ ਨੂੰ ਰਾਮਨੌਮੀ ਮਹਾਂਉਤਸਵ ਤਹਿਤ ਜਹਾਂਗੀਰਪੁਰੀ ਵਿਚ 'ਸ਼੍ਰੀ ਰਾਮ ਭਗਵਾਨ ਪ੍ਰਤੀਮਾ ਯਾਤਰਾ' ਕੱਢਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਅਚਨਚੇਤ ਦੌਰਾ, ਮਜ਼ਦੂਰਾਂ ਨਾਲ ਕੀਤੀ ਗੱਲਬਾਤ

ਪਿਛਲੇ ਸਾਲ ਹਨੂੰਮਾਨ ਜੈਅੰਤੀ ਮੌਕੇ ਇਲਾਕੇ ਵਿਚ ਕੱਢੀ ਗਈ ਸ਼ੋਭਾਯਾਤਰਾ ਦੌਰਾਨ ਉੱਥੇ ਦੋ ਭਾਈਚਾਰੇ ਦੇ ਲੋਕਾਂ ਵਿਚਾਲੇ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਪੁਲਸ ਨੇ ਇਹ ਕਦਮ ਚੁੱਕਿਆ ਸੀ। ਹਾਲਾਂਕਿ, ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਜਾਜ਼ਤ ਨਾ ਦਿੱਤੇ ਜਾਣ ਦੇ ਬਾਵਜੂਦ ਸਮੂਹ ਦੇ ਲੋਕ ਜਹਾਂਗੀਰਪੁਰੀ ਵਿਚ ਇਕੱਠੇ ਹੋਏ ਤੇ ਇਕ ਪਾਰਕ ਵਿਚ ਪੂਜਾ ਕੀਤੀ। ਅਧਿਕਾਰੀ ਨੇ ਕਿਹਾ, "ਅਸੀਂ ਸਥਾਨਕ ਪੁਲਸ ਤੇ ਦੰਗਾ ਰੋਕੂ ਬਲ ਦੇ ਨਾਲ-ਨਾਲ ਬਾਹਰੀ ਬਲਾਂ ਦੀਆਂ ਚਾਰ ਕੰਪਨੀਆਂ ਨੂੰ ਤਾਇਨਾਤ ਕੀਤਾ ਹੈ, ਤਾਂ ਜੋ ਇਲਾਕੇ ਵਿਚ ਕਾਨੂੰਨ ਵਿਵਸਥਾ ਬਣੀ ਰਹੇ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸਥਿਤੀ ਕਾਬੂ ਵਿਚ ਹੈ ਤੇ ਲੋਕ ਵੀ ਸਹਿਯੋਗ ਕਰ ਰਹੇ ਹਨ।" ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਰਮਜ਼ਾਨ ਦੌਰਾਨ ਜਹਾਂਗੀਰਪੁਰੀ ਵਿਚ ਇਕ ਪਾਰਕ ਵਿਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਵੀ ਠੁਕਰਾ ਦਿੱਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਹਿਮ ਬਿਆਨ, ਕਹਿ ਦਿੱਤੀਆਂ ਇਹ ਗੱਲਾਂ

ਪਿਛਲੀ ਵਾਰ ਹੋਈ ਸੀ ਹਿੰਸਾ

ਪਿਛਲੇ ਸਾਲ ਹਨੂੰਮਾਨ ਜੈਅੰਤੀ ਮੌਕੇ ਇਲਾਕੇ ਵਿਚ ਕੱਢੀ ਗਈ ਸ਼ੋਭਾਯਾਤਰਾ ਦੌਰਾਨ ਦੋ ਭਾਈਚਾਰੇ ਦੇ ਲੋਕਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। 16 ਅਪ੍ਰੈਲ 2022 ਨੂੰ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹੋਈ ਇਸ ਝੜਪ ਵਿਚ 8 ਪੁਲਸ ਮੁਲਾਜ਼ਮ ਤੇ ਇਕ ਸਥਾਨਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਹਿੰਸਾ ਤੋਂ ਬਾਅਦ ਇਲਾਕੇ ਵਿਚ ਕਈ ਦਿਨਾਂ ਤਕ ਤਣਾਅ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News