ਮਲੇਸ਼ੀਆ ਤੋਂ ਕੋਚੀ ਆ ਰਹੀ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼, ਯਾਤਰੀ ਗ੍ਰਿਫ਼ਤਾਰ
Thursday, Aug 06, 2026 - 09:08 PM (IST)
ਕੋਚੀ : ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਕੋਚੀ ਆ ਰਹੇ ਇੱਕ ਹਵਾਈ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਅਤੇ ਸਾਥੀ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਧਮਕਾਉਣ ਦੇ ਦੋਸ਼ ਵਿੱਚ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਯਾਤਰੀ 'ਤੇ ਐਮਰਜੈਂਸੀ ਨਿਕਾਸ ਵਾਲੀ ਖਿੜਕੀ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ।
ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਮਸ਼ੀਰ ਅਥਾਨਿੱਕਲ ਵਜੋਂ ਹੋਈ ਹੈ। ਉਹ ਬੀਤੇ ਬੁੱਧਵਾਰ ਨੂੰ ਕੁਆਲਾਲੰਪੁਰ ਤੋਂ ਕੋਚੀ ਆ ਰਹੀ ਬੈਟਿਕ ਏਅਰ (Batik Air) ਦੀ ਉਡਾਣ ਸੰਖਿਆ OD231 ਵਿੱਚ ਸਵਾਰ ਸੀ।
ਰਿਪੋਰਟਾਂ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਹਵਾ ਵਿੱਚ ਉੱਡ ਰਿਹਾ ਸੀ। ਰਾਤ ਕਰੀਬ 9:30 ਵਜੇ ਤੋਂ 11:05 ਵਜੇ ਦੇ ਵਿਚਕਾਰ ਮੁਲਜ਼ਮ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਜਹਾਜ਼ ਦੀ ਖਿੜਕੀ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਹਾਲਾਂਕਿ, ਜਹਾਜ਼ ਦੇ ਚਾਲਕ ਦਲ (ਕਰੂ ਮੈਂਬਰਾਂ) ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਯਾਤਰੀ ਨੂੰ ਕਾਬੂ ਕਰ ਲਿਆ।
ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (CIAL) ਦੇ ਬਿਆਨ ਅਨੁਸਾਰ, ਵੀਰਵਾਰ ਰਾਤ ਕਰੀਬ 2:40 ਵਜੇ ਜਦੋਂ ਫਲਾਈਟ ਕੋਚੀ ਪਹੁੰਚੀ, ਤਾਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਨੇ ਮੁਲਜ਼ਮ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਉਸ ਨੂੰ ਨੇ ਦੁੰਬਸੇਰੀ ਪੁਲਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਕੋਚੀ ਵਿੱਚ ਬੈਟਿਕ ਏਅਰ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਜਮਸ਼ੀਰ ਪਲੱਕੜ ਜ਼ਿਲ੍ਹੇ ਦੇ ਕੂਟਨਾਡ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੇ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 351(3) (ਅਪਰਾਧਿਕ ਧਮਕੀ), ਏਅਰਕ੍ਰਾਫਟ ਐਕਟ ਦੀ ਧਾਰਾ 11ਏ (ਸੁਰੱਖਿਆ ਨਿਰਦੇਸ਼ਾਂ ਦੀ ਉਲੰਘਣਾ), ਕੇਰਲ ਪੁਲਸ ਐਕਟ ਦੀ ਧਾਰਾ 118(ਈ) (ਜਨਤਕ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ) ਤਹਿਤ ਮਾਮਲਾ ਦਰਜ ਕੀਤਾ ਹੈ।
ਸੀਆਈਏਐਲ (CIAL) ਦੇ ਬਿਆਨ ਅਨੁਸਾਰ, ਜਹਾਜ਼ ਦੀ ਬਾਰੀਕੀ ਨਾਲ ਜਾਂਚ ਅਤੇ ਲੋੜੀਂਦੀ ਮੁਰੰਮਤ ਤੋਂ ਬਾਅਦ ਉਸ ਨੂੰ ਦੁਬਾਰਾ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਗਈ, ਜਿਸ ਤੋਂ ਬਾਅਦ ਜਹਾਜ਼ ਵਾਪਸ ਰਵਾਨਾ ਹੋ ਗਿਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
