ਰਾਜ ਸਭਾ ਚੋਣਾਂ ’ਚ ਝਾਰਖੰਡ ’ਚ ਕ੍ਰਾਸ ਵੋਟਿੰਗ, ਐੱਨ. ਡੀ. ਏ. ਦੇ ਸਮਰਥਨ ਵਾਲੇ ਨਾਥਵਾਨੀ ਜਿੱਤੇ
Thursday, Jun 18, 2026 - 10:28 PM (IST)
ਰਾਂਚੀ- ਝਾਰਖੰਡ ’ਚ ਵੀਰਵਾਰ ਨੂੰ ਰਾਜ ਸਭਾ ਦੀਆਂ 2 ਸੀਟਾਂ ਲਈ ਹੋਈਆਂ ਚੋਣਾਂ ’ਚ ਇਕ ਸੀਟ ’ਤੇ ‘ਕ੍ਰਾਸ-ਵੋਟਿੰਗ’ ਦਰਮਿਆਨ ਐੱਨ. ਡੀ. ਏ. ਵੱਲੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਅਤੇ ਉਦਯੋਗਪਤੀ ਪਰਿਮਲ ਨਾਥਵਾਨੀ ਨੇ ਕਾਂਗਰਸ ਉਮੀਦਵਾਰ ਪ੍ਰਣਵ ਝਾਅ ਨੂੰ ਹਰਾ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੂਜੀ ਸੀਟ ਤੋਂ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਝਾਮੂਮੋ) ਦੇ ਉਮੀਦਵਾਰ ਬੈਦਿਆਨਾਥ ਰਾਮ ਚੁਣੇ ਗਏ। ਅਧਿਕਾਰੀ ਨੇ ਦੱਸਿਆ ਕਿ ਨਾਥਵਾਨੀ ਨੂੰ 28 ਵੋਟਾਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ। ਝਾਅ ਨੂੰ 20 ਵੋਟਾਂ ਮਿਲੀਆਂ।
ਅਧਿਕਾਰੀ ਅਨੁਸਾਰ ਬੈਦਿਆਨਾਥ ਰਾਮ ਨੂੰ ਚੋਣਾਂ ’ਚ 30 ਵੋਟਾਂ ਮਿਲੀਆਂ, ਜਦੋਂ ਕਿ 3 ਵੋਟਾਂ- ਭਾਜਪਾ ਦੀਆਂ 2 ਅਤੇ ਕਾਂਗਰਸ ਦੀ 1, ਨਾ-ਪ੍ਰਵਾਨਯੋਗ ਪਾਈਆਂ ਗਈਆਂ। ਵਿਧਾਨ ਸਭਾ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਦੇ ਵਿਧਾਇਕਾਂ ਦੀ ਗਿਣਤੀ 24 ਹੈ, ਜੋ ਰਾਜ ਸਭਾ ਦੀ ਇਕ ਸੀਟ ’ਤੇ ਜਿੱਤ ਯਕੀਨੀ ਬਣਾਉਣ ਲਈ 81 ਮੈਂਬਰੀ ਵਿਧਾਨ ਸਭਾ ’ਚ ਲੋੜੀਂਦੀਆਂ 28 ਪਹਿਲੀ ਤਰਜੀਹ ਦੀਆਂ ਵੋਟਾਂ ਤੋਂ 4 ਘੱਟ ਹੈ। ਝਾਮੂਮੋ ਅਤੇ ਕਾਂਗਰਸ ਦੇ ਸੱਤਾਧਾਰੀ ‘ਇੰਡੀਆ’ ਗੱਠਜੋੜ ਦੇ ਸਦਨ ’ਚ 56 ਮੈਂਬਰ ਹਨ।
ਮਿਜ਼ੋਰਮ ’ਚ ਜ਼ੈੱਡ. ਪੀ. ਐੱਮ. ਉਮੀਦਵਾਰ ਕੇ. ਲਾਲਤਲੁਆਂਗਕੀਮਾ ਜੇਤੂ
ਆਈਜ਼ੋਲ : ਮਿਜ਼ੋਰਮ ’ਚ ਰਾਜ ਸਭਾ ਚੋਣਾਂ ’ਚ ਸੱਤਾਧਾਰੀ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡ. ਪੀ. ਐੱਮ.) ਦੇ ਉਮੀਦਵਾਰ ਕੇ. ਲਾਲਤਲੁਆਂਗਕੀਮਾ ਨੇ ਜਿੱਤ ਦਰਜ ਕੀਤੀ। ਵਿਧਾਨ ਸਭਾ ਸਕੱਤਰ ਅਤੇ ਚੋਣ ਅਧਿਕਾਰੀ ਜੋਥਾਨਸਾਂਗਾ ਰਾਲਤੇ ਅਨੁਸਾਰ, ਲਾਲਤਲੁਆਂਗਕੀਮਾ ਨੇ ਕੁੱਲ 36 ਵੋਟਾਂ ’ਚੋਂ 26 ਵੋਟਾਂ ਹਾਸਲ ਕੀਤੀਆਂ ਅਤੇ ਵਿਰੋਧੀ ਮਿਜ਼ੋ ਨੈਸ਼ਨਲ ਫਰੰਟ (ਐੱਮ. ਐੱਨ. ਐੱਫ.) ਦੀ ਜੋਥਾਨਸਾਂਗੀ ਨੂੰ ਹਰਾਇਆ। ਜੋਥਾਨਸਾਂਗੀ ਨੂੰ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦੀਆਂ ਸਾਰੀਆਂ 10 ਵੋਟਾਂ ਮਿਲੀਆਂ। 3 ਵਿਧਾਇਕਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ।
