ਮਾਤਾ-ਪਿਤਾ ਨਹੀਂ ਦਿਵਾ ਸਕੇ ਨਵਾਂ ਫੋਨ, ਨੌਜਵਾਨ ਨੇ ਚੁੱਕਿਆ ਵੱਡਾ ਕਦਮ
Friday, May 08, 2026 - 10:29 PM (IST)
ਮਹਿਬੂਬਾਬਾਦ : ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 20 ਸਾਲਾ ਨੌਜਵਾਨ ਨੇ ਸਿਰਫ਼ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸਦੇ ਮਾਤਾ-ਪਿਤਾ ਉਸਨੂੰ ਨਵਾਂ ਮੋਬਾਈਲ ਫੋਨ ਨਹੀਂ ਦਿਵਾ ਸਕੇ।
ਇਹ ਘਟਨਾ ਮਹਿਬੂਬਾਬਾਦ ਦੇ ਚਿੰਤਲਪੱਲੀ ਪਿੰਡ ਦੀ ਹੈ। ਮ੍ਰਿਤਕ ਦੀ ਪਛਾਣ ਸਾਈ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਸਾਈ ਕੁਮਾਰ ਦਾ ਪੁਰਾਣਾ ਮੋਬਾਈਲ ਫੋਨ ਟੁੱਟ ਗਿਆ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਨਵਾਂ ਫੋਨ ਲੈਣ ਦੀ ਜ਼ਿੱਦ ਕਰ ਰਿਹਾ ਸੀ। ਸਾਈ ਕੁਮਾਰ ਦੇ ਮਾਤਾ-ਪਿਤਾ ਦਿਹਾੜੀਦਾਰ ਮਜ਼ਦੂਰ ਹਨ ਅਤੇ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਤੁਰੰਤ ਨਵਾਂ ਫੋਨ ਦਿਵਾਉਣ ਤੋਂ ਅਸਮਰਥਤਾ ਜਤਾਈ ਸੀ ਅਤੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ, ਸਾਈ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ। ਘਟਨਾ ਵਾਲੀ ਰਾਤ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਮੋਬਾਈਲ ਨੂੰ ਲੈ ਕੇ ਮਾਤਾ-ਪਿਤਾ ਨਾਲ ਝਗੜਾ ਵੀ ਕੀਤਾ ਸੀ। ਮਾਤਾ-ਪਿਤਾ ਦੇ ਇਨਕਾਰ ਤੋਂ ਪਰੇਸ਼ਾਨ ਹੋ ਕੇ, ਦੇਰ ਰਾਤ ਜਦੋਂ ਸਭ ਸੌ ਗਏ, ਤਾਂ ਉਸਨੇ ਘਰ ਵਿੱਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸਵੇਰੇ ਜਦੋਂ ਪਰਿਵਾਰ ਨੇ ਉਸਦੀ ਲਾਸ਼ ਲਟਕਦੀ ਦੇਖੀ ਤਾਂ ਘਰ ਵਿੱਚ ਚੀਕ ਚਿਹਾੜਾ ਮਚ ਗਿਆ । ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
