ਮੈਂ ਕਾਂਗਰਸ ਦਾ ਸਿਪਾਹੀ ਹਾਂ, ਆਖਰੀ ਸਾਹ ਪਾਰਟੀ ਦੇ ਨਾਲ ਰਹਾਂਗਾ : ਪੱਪੂ ਯਾਦਵ
Saturday, Apr 13, 2024 - 07:27 PM (IST)
ਪਟਨਾ, (ਭਾਸ਼ਾ)- ਬਿਹਾਰ ਦੀ ਪੂਰਨੀਆ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਆਖਰੀ ਸਾਹ ਤੱਕ ਇਸ ਪਾਰਟੀ ਦੇ ਨਾਲ ਰਹਿਣਗੇ। ਉਨ੍ਹਾਂ ਨੇ ਹਾਲ ਹੀ ’ਚ 2015 ’ਚ ਸਥਾਪਿਤ ਆਪਣੀ ਜਨ ਅਧਿਕਾਰ ਪਾਰਟੀ ਦਾ ਕਾਂਗਰਸ ’ਚ ਰਲੇਵਾਂ ਕਰ ਦਿੱਤਾ ਸੀ। ਯਾਦਵ ਨੂੰ ਪੂਰਨੀਆ ਸੀਟ ’ਤੇ ਜਨਤਾ ਦਲ ਯੂਨਾਈਟਿਡ (ਜਦ-ਯੂ) ਦੇ ਸੰਸਦ ਮੈਂਬਰ ਸੰਤੋਸ਼ ਕੁਮਾਰ ਕੁਸ਼ਵਾਹਾ ਅਤੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੀ ਉਮੀਦਵਾਰ ਬੀਮਾ ਭਾਰਤੀ ਨਾਲ ਤਿਕੋਣੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
1990 ਦੇ ਦਹਾਕੇ ’ਚ ਆਜ਼ਾਦ ਉਮੀਦਵਾਰ ਵਜੋਂ 3 ਵਾਰ ਪੂਰਨੀਆ ਸੀਟ ਤੋਂ ਜਿੱਤਣ ਵਾਲੇ ਯਾਦਵ ਨੇ ਇਕ ਇੰਟਰਵਿਊ ’ਚ ਕਿਹਾ, ‘‘ਮੈਂ ਕਾਂਗਰਸ ਅਤੇ ਉਸ ਦੇ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਇਕ ਸਿਪਾਹੀ ਹਾਂ। ਮੈਂ ਆਪਣੇ ਆਖਰੀ ਸਾਹ ਤੱਕ (ਵਿਚਾਰਧਾਰਕ ਤੌਰ ’ਤੇ) ਕਾਂਗਰਸ ਪਾਰਟੀ ਦੇ ਨਾਲ ਰਹਾਂਗਾ। ਕਾਂਗਰਸ ਪਾਰਟੀ ਦੀ ਵਿਚਾਰਧਾਰਾ ਮੇਰੇ ਖੂਨ ’ਚ ਹੈ।’’ ‘ਮਹਾਗੱਠਜੋੜ’ ਦੀਆਂ ਭਾਈਵਾਲੀ ਪਾਰਟੀਆਂ ਵਿਚਾਲੇ ਹੋਈ ਸੀਟ ਵੰਡ ਦੇ ਤਹਿਤ ਪੂਰਨੀਆ ਸੀਟ ਰਾਸ਼ਟਰੀ ਜਨਤਾ ਦਲ ਦੇ ਖਾਤੇ ’ਚ ਗਈ ਹੈ। ਇਸ ਦੇ ਮੱਦੇਨਜ਼ਰ ਕਾਂਗਰਸ ਨੇ ਕਥਿਤ ਤੌਰ ’ਤੇ ਪੱਪੂ ਯਾਦਵ ਨੂੰ ਇਸ ਸੀਟ ਤੋਂ ਨਾਮਜ਼ਦਗੀ ਵਾਪਸ ਲੈਣ ਦੀ ਸਲਾਹ ਦਿੱਤੀ ਸੀ ਪਰ ਉਹ ਪੂਰਨੀਆ ਤੋਂ ਹੀ ਚੋਣ ਲੜਨ ’ਤੇ ਅੜੇ ਹੋਏ ਹਨ।