ਕਰਨਾਟਕ ’ਚ ਮੋਦੀ ਨੇ 15,600 ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦੀ ਕੀਤੀ ਸ਼ੁਰੂਆਤ
Friday, Nov 13, 2026 - 08:50 PM (IST)
ਬੈਂਗਲੁਰੂ, (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਚੁੱਕੇ ਗਏ ਵੱਖ-ਵੱਖ ਕਦਮਾਂ ਕਾਰਨ ਪੱਛਮੀ ਏਸ਼ੀਆ ਦੀ ਜੰਗ ਦੌਰਾਨ ਊਰਜਾ ਸੰਕਟ ਨਾਲ ਨਜਿੱਠਣ ’ਚ ਮਦਦ ਮਿਲੀ ਹੈ। ਸ਼ੁੱਕਰਵਾਰ ਇੱਥੇ 15,600 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਜਨਤਕ ਭਲਾਈ ਯੋਜਨਾਵਾਂ ਸ਼ੁਰੂ ਕਰਨ ਤੋਂ ਬਾਅਦ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨ ਤੇ ਖਾੜੀ ਖੇਤਰ ’ਚ ਚੱਲ ਰਹੀ ਜੰਗ ਨੇ ਊਰਜਾ ਸੁਰੱਖਿਆ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਹੈ। ਇਹ ਭਾਰਤ ਲਈ ਵੀ ਇਕ ਚੁਣੌਤੀਪੂਰਨ ਸਮਾਂ ਰਿਹਾ ਹੈ। ਹਾਲਾਂਕਿ, ਪਿਛਲੇ ਦਹਾਕੇ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਨੇ ਸਾਨੂੰ ਇਸ ਸੰਕਟ ਦਾ ਭਰੋਸੇ ਨਾਲ ਸਾਹਮਣਾ ਕਰਨ ’ਚ ਮਦਦ ਕੀਤੀ ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪੈਟਰੋਲ, ਡੀਜ਼ਲ ਤੇ ਐੱਲ. ਪੀ. ਜੀ. ਦੀਆਂ ਕੀਮਤਾਂ ਘਟਾਉਣ ਲਈ ਉਪਾਅ ਲਾਗੂ ਕੀਤੇ ਹਨ। ਦੇਸ਼ ਨੇ ਆਪਣੀ ਉਤਪਾਦਨ ਸਮਰੱਥਾ ਵਧਾ ਦਿੱਤੀ ਹੈ। ਕੱਚੇ ਤੇਲ ਨੂੰ ਸੰਭਾਲਣ ਵਾਲੀਆਂ ਸਹੂਲਤਾਂ ਵਿਕਸਤ ਕੀਤੀਆਂ ਹਨ। ਸੂਰਜੀ, ਪਣ ਤੇ ਹਵਾ ਦੀ ਊਰਜਾ ਦਾ ਵਿਸਥਾਰ ਕੀਤਾ ਹੈ। ਰੇਲਵੇ ਦਾ ਲੱਗਭਗ 100 ਫੀਸਦੀ ਬਿਜਲੀਕਰਨ ਪੂਰਾ ਕੀਤਾ ਹੈ ਅਤੇ ਮੈਟਰੋ ਵਰਗੀਆਂ ਜਨਤਕ ਆਵਾਜਾਈ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਰਨਾਟਕ ’ਚ ਸ਼ੁੱਕਰਵਾਰ ਸ਼ੁਰੂ ਕੀਤੇ ਗਏ 3 ਪ੍ਰਾਜੈਕਟ ਭਾਰਤ ਦੀ ਊਰਜਾ ਸੁਰੱਖਿਆ ਨੂੰ ਵੀ ਇਕ ਨਵਾਂ ਹੁਲਾਰਾ ਦੇਣਗੇ। ਮੰਗਲੁਰੂ ’ਚ ਐੱਲ. ਪੀ. ਜੀ. ਪ੍ਰਾਜੈਕਟ ਦੇਸ਼ ਦੀ ਐੱਲ. ਪੀ. ਜੀ. ਸਟੋਰੇਜ ਸਮਰੱਥਾ ਨੂੰ 80,000 ਮੀਟ੍ਰਿਕ ਟਨ ਵਧਾਏਗਾ। ਨਾਲ ਹੀ ਬੈਂਗਲੁਰੂ ਦੇ ਡੋਡਾ ਦਸਾਰਾਹੱਲੀ ਵਿਖੇ ਦੇਵਾਂਗੋਂਥੀ ਮਾਰਕੀਟਿੰਗ ਟਰਮੀਨਲ ਤੋਂ ਪੈਟਰੋਲ, ਡੀਜ਼ਲ ਤੇ ਜਹਾਜ਼ੀ ਫਿਊਲ ਦੀ ਸਪਲਾਈ ਨੂੰ ਹੋਰ ਯੋਜਨਾਬੱਧ ਅਤੇ ਭਰੋਸੇਮੰਦ ਬਣਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਗਲੁਰੂ ’ਚ ਸਥਾਪਿਤ ਕੀਤਾ ਜਾ ਰਿਹਾ ਕੰਪ੍ਰੈਸਡ ਬਾਇਓਗੈਸ ਪਲਾਂਟ ਰੋਜ਼ਾਨਾ ਲੱਗਭਗ 13 ਟਨ ਬਾਇਓਗੈਸ ਪੈਦਾ ਕਰੇਗਾ ਤੇ ਕੂੜੇ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਖਰਚ ਹੋਣ ਵਾਲੇ ਪੈਸੇ ਬਚਾਉਣ ’ਚ ਮਦਦ ਕਰੇਗਾ।
ਨਵਿਆਉਣਯੋਗ ਊਰਜਾ ਸਮਰੱਥਾ ਹੁਣ 300 ਗੀਗਾਵਾਟ ਤੋਂ ਵੱਧ ਗਈ
ਮੋਦੀ ਨੇ ਕਿਹਾ ਕਿ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਹੁਣ 300 ਗੀਗਾਵਾਟ ਤੋਂ ਵੱਧ ਹੋ ਗਈ ਹੈ। ਸਾਫ਼ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤ ਆਪਣੀ ਪ੍ਰਮਾਣੂ ਊਰਜਾ ਉਤਪਾਦਨ ਸਮਰੱਥਾ ਦਾ ਵੀ ਪਸਾਰ ਕਰ ਰਿਹਾ ਹੈ। ਮੋਦੀ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ’ ਅਧੀਨ ਪੂਰੇ ਦੇਸ਼ ’ਚ 60 ਲੱਖ ਤੋਂ ਵੱਧ ਪਰਿਵਾਰਾਂ ਨੇ ਆਪਣੀਆਂ ਛੱਤਾਂ ’ਤੇ ਸੋਲਰ ਪਾਵਰ ਪਲਾਂਟ ਲਾਏ ਹਨ, ਜਿਨ੍ਹਾਂ ’ਚੋਂ 40,000 ਤੋਂ ਵੱਧ ਕਰਨਾਟਕ ਦੇ ਹਨ। ਕੇਂਦਰ ਸਰਕਾਰ ਨੇ ਹਰੇਕ ਪਰਿਵਾਰ ਨੂੰ ਲੱਗਭਗ 80,000 ਦੀ ਸਬਸਿਡੀ ਪ੍ਰਦਾਨ ਕੀਤੀ ਹੈ।
ਸ਼ਿਵਕੁਮਾਰ ਨਾਲ ਮੈਟਰੋ ’ਚ ਕੀਤਾ ਸਫਰ
ਪ੍ਰਧਾਨ ਮੰਤਰੀ ਨੇ ਬੈਂਗਲੁਰੂ ਮੈਟਰੋ ਰੇਲ ਪ੍ਰਾਜੈਕਟ ਦੀ ਲੰਬੇ ਸਮੇ ਤੋਂ ਉਡੀਕੀ ਜਾ ਰਹੀ ਪਿੰਕ ਲਾਈਨ ਦੇ ਕਾਲੇਨਾ ਅਗ੍ਰਹਾਰਾ ਤੋਂ ਤਾਵਰੇਕੇਰੇ ਸੈਕਸ਼ਨ ਦਾ ਉਦਘਾਟਨ ਕੀਤਾ, ਜਿਸ ’ਤੇ ਲੱਗਭਗ 3470 ਕਰੋੜ ਰੁਪਏ ਦੀ ਲਾਗਤ ਆਈ ਹੈ। ਪ੍ਰਧਾਨ ਮੰਤਰੀ ਮੋਦੀ ਤੇ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸਾਂਝੇ ਤੌਰ ’ਤੇ ਨਵੀਂ ਮੈਟਰੋ ਸੇਵਾ ਨੂੰ ਹਰੀ ਝੰਡੀ ਵਿਖਾਈ ਅਤੇ ਰੇਲਗੱਡੀ ’ਚ ਸਫਰ ਵੀ ਕੀਤਾ। ਮੋਦੀ ਤੇ ਸ਼ਿਵਕੁਮਾਰ ਨੂੰ ਟਿਕਟ ਕਾਊਂਟਰ ਤੋਂ ਵੱਖ-ਵੱਖ ਟਿਕਟਾਂ ਖਰੀਦਦੇ ਵੀ ਵੇਖਿਆ ਗਿਆ।
