16 ਅਪ੍ਰੈਲ ਦੀ ਰਾਤ ਹੋਈ ਘਟਨਾ, ਸੋਸ਼ਲ ਮੀਡੀਆ ''ਤੇ ਵੀਡੀਓ ਨਾਲ ਜਾਗੀ ਪੁਲਸ

Monday, Apr 20, 2020 - 09:49 PM (IST)

16 ਅਪ੍ਰੈਲ ਦੀ ਰਾਤ ਹੋਈ ਘਟਨਾ, ਸੋਸ਼ਲ ਮੀਡੀਆ ''ਤੇ ਵੀਡੀਓ ਨਾਲ ਜਾਗੀ ਪੁਲਸ

ਮੁੰਬਈ (ਏਜੰਸੀ)- ਲਾਕ ਡਾਊਨ ਦੌਰਾਨ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿਚ 16 ਅਪ੍ਰੈਲ ਦੀ ਰਾਤ ਜੂਨਾ ਅਖਾੜਾ ਦੇ ਦੋ ਸਾਧੂਆਂ ਅਤੇ ਉਨ੍ਹਾਂ ਦੇ ਡਰਾਈਵਰ ਦੀ ਭੀੜ ਨੇ ਡਾਂਗਾ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਹ ਸਾਧੂ ਮੁੰਬਈ ਵਿਚ ਕਾਂਦਿਵਾਲੀ ਦੇ ਰਹਿਣ ਵਾਲੇ ਸਨ ਅਤੇ ਆਪਣੇ ਗੁਰੂ ਦੇ ਅੰਤਿਮ ਦਰਸ਼ਨਾਂ ਲਈ ਗੁਜਰਾਤ ਦੇ ਸੂਰਤ ਜਾ ਰਹੇ ਸਨ। ਡਾਂਗਾਂ ਲਈ ਭੀੜ ਨੇ ਉਨ੍ਹਾਂ ਦੇ ਵਾਹਨ ਨੂੰ ਇਕ ਪਿੰਡ ਨੇੜੇ ਰੋਕ ਲਿਆ ਅਤੇ ਡਾਂਗਾਂ ਨਾਲ ਕੁੱਟ-ਕੁੱਟ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਕਿਹਾ ਇਹ ਜਾ ਰਿਹਾ ਹੈ ਕਿ ਭੀੜ ਨੇ ਉਨ੍ਹਾਂ ਨੂੰ ਚੋਰ ਹੋਣ ਦੇ ਸ਼ੱਕ ਵਿਚ ਉਨ੍ਹਾਂ ਦੀ ਕਾਰ ਵਿਚੋਂ ਕੱਢ ਕੇ ਮਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਚਿਕਨੇ ਮਹਾਰਾਜ ਕਲਪਵਰਿਕਸ਼ਗਿਰੀ (70), ਸੁਸ਼ੀਲਗਿਰੀ ਮਹਾਰਾਜ ਅਤੇ ਵਾਹਨ ਚਾਲਕ ਨਿਲੇਸ਼ ਤੇਲਗਾੜੇ ਵਜੋਂ ਹੋਈ ਹੈ।

ਸਭ ਤੋਂ ਵੱਡੀ ਗੱਲ ਇਹ ਕਰੂਰ ਹੱਤਿਆ ਪੁਲਸ ਪਾਰਟੀ ਦੇ ਸਾਹਮਣੇ ਕੀਤੀ ਗਈ ਅਤੇ ਪੁਲਸ ਕੁਝ ਨਹੀਂ ਕਰ ਸਕੀ। ਇਸ ਘਟਨਾ ਨੂੰ ਹੋਏ ਚਾਰ ਦਿਨ ਬੀਤ ਗਏ ਹਨ ਪਰ ਸੋਸ਼ਲ ਮੀਡੀਆ 'ਤੇ ਹੱਤਿਆ ਦੀ ਵੀਡੀਓ ਆਉਣ ਤੋਂ ਬਾਅਦ ਇਹ ਮਾਮਲਾ ਦੇਰ ਨਾਲ ਸਾਹਮਣੇ ਆਇਆ। ਖਬਰਾਂ ਮੁਤਾਬਕ ਕੁਝ ਨਾਬਾਲਗਾਂ ਸਣੇ 100 ਤੋਂ ਵਧੇਰੇ ਲੋਕਾਂ ਨੂੰ ਪੁਲਸ ਨੇ ਘਟਨਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਹੈ। ਪਾਲਘਰ ਪੁਲਸ ਨੇ ਸੋਮਵਾਰ ਨੂੰ ਡਿਊਟੀ ਵਿਚ ਕੋਤਾਹੀ ਵਰਤਣ 'ਤੇ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ।

ਇਸ ਘਟਨਾ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਜੋ ਪਾਲਘਰ ਮਾਮਲੇ ਨੂੰ ਫਿਰਕੂ ਦੰਗਿਆਂ ਦਾ ਰੰਗ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਵਾਰਦਾਤ ਵਿਚ ਪਹਿਲਾਂ ਹੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਰੂਰ ਅਤੇ ਸ਼ਰਮਨਾਕ ਕਾਰੇ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇਗਾ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੀ ਮਾਮਲੇ ਨੂੰ ਫਿਰਕੂ ਨਜ਼ਰੀਏ ਨਾਲ ਦੇਖੇ ਜਾਣ ਖਿਲਾਫ ਚਿਤਾਵਨੀ ਦਿੱਤੀ।

ਫੜਨਵੀਸ ਨੇ ਕਿਹਾ ਕਿ ਸੰਤਾਂ ਦੇ ਸਾਰੇ ਕਾਤਲਾਂ ਨੂੰ ਫੜਿਆ ਜਾਵੇ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ 'ਤੇ ਭਾਰੀ ਗੁੱਸਾ ਜਤਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿਰਦੋਸ਼ ਸੰਤਾਂ ਨੂੰ ਕਤਲ ਕਰਨ ਵਾਲੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ ਪੁਲਸ ਨੂੰ ਪੂਰੀ ਜਾਣਕਾਰੀ ਲਈ ਅਤੇ ਪਾਲਘਰ ਤੋਂ ਭਾਜਪਾ ਨਾਲ ਜੁੜੇ ਲੋਕਾਂ ਨਾਲ ਵੀ ਇਸ ਸਬੰਧੀ ਪੁੱਛਗਿਛ ਕਰਕੇ ਘਟਨਾ ਦਾ ਸੱਚ ਜਾਨਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੰਤਾਂ ਦੀ ਹੱਤਿਆ ਰੋਕਣ ਵਿਚ ਪੁਲਸ ਦਾ ਰਵੱਈਆ ਢਿੱਲਾ ਰਿਹਾ ਅਤੇ ਜੇਕਰ ਪੁਲਸ ਚਾਹੁੰਦੀ ਹੈ ਤਾਂ ਇਹ ਹੱਤਿਆਵਾਂ ਰੋਕੀਆਂ ਜਾ ਸਕਦੀਆਂ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਅਜੇ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।

ਕਾਂਗਰਸ ਬੋਲੀ ਜ਼ਿਆਦਾਤਰ ਮੁਲਜ਼ਮ ਭਾਜਪਾ ਦੇ ਮੈਂਬਰ
ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਾਲਘਰ ਵਿਚ ਤਿੰਨ ਲੋਕਾਂ ਨੂੰ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ ਵਿਚ ਜ਼ਿਆਦਾਤਰ ਮੁਲਜ਼ਮ ਭਾਜਪਾ ਦੇ ਮੈਂਬਰ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲਸਕੱਤਰ ਸਚਿਨ ਸਾਵੰਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਇਸ ਮਾਮਲੇ ਵਿਚ ਫਿਰਕੂ ਰਾਜਨੀਤੀ ਕਰ ਰਹੀ ਹੈ ਤਾਂ ਜੋ ਰਾਜਨੀਤਕ ਫਾਇਦਾ ਲਿਆ ਜਾ ਸਕੇ। ਉਨ੍ਹਾਂ ਨੇ ਟਵੀਟ ਕੀਤਾ ਕਿ ਘਟਨਾ ਨਾਲ ਸਬੰਧਿਤ ਪਿੰਡ ਵਾਸੀ ਗੜਚਿੰਚਲੇ ਪਿਛਲੇ 10 ਸਾਲਾਂ ਤੋਂ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਉਥੇ ਮੌਜੂਦਾ ਮੁਖੀਆ ਵੀ ਭਾਜਪਾ ਦਾ ਹੀ ਹੈ। ਘਟਨਾ ਲਈ ਗ੍ਰਿਫਤਾਰ ਕੀਤੇ ਜ਼ਿਆਦਾਤਰ ਲੋਕ ਭਾਜਪਾ ਤੋਂ ਹਨ। ਭਾਜਪਾ ਦੀ ਪ੍ਰਦੇਸ਼ ਯੂਨਿਟ ਨੇ ਸਾਵੰਤ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।


author

Sunny Mehra

Content Editor

Related News