ਪਾਕਿਸਤਾਨ ਸਿਰਫ ਇਕ ਭਾਰਤੀ ਨੇਤਾ ਬਾਲਾ ਸਾਹਿਬ ਠਾਕਰੇ ਤੋਂ ਡਰਦਾ ਸੀ : ਸ਼ਿੰਦੇ

Tuesday, Jan 24, 2023 - 11:58 AM (IST)

ਪਾਕਿਸਤਾਨ ਸਿਰਫ ਇਕ ਭਾਰਤੀ ਨੇਤਾ ਬਾਲਾ ਸਾਹਿਬ ਠਾਕਰੇ ਤੋਂ ਡਰਦਾ ਸੀ : ਸ਼ਿੰਦੇ

ਮੁੰਬਈ, (ਭਾਸ਼ਾ)– ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੋਮਵਾਰ ਨੂੰ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਇਕੱਲੇ ਅਜਿਹੇ ਭਾਰਤੀ ਨੇਤਾ ਸਨ, ਜਿਨ੍ਹਾਂ ਤੋਂ ਪਾਕਿਸਤਾਨ ਡਰਦਾ ਸੀ। ਉਨ੍ਹਾਂ ਕਿਹਾ ਕਿ ਮਰਹੂਮ ਨੇਤਾ ਹਿੰਦੂਤਵ ਦੇ ਹਮਾਇਤੀ ਸਨ ਪਰ ਉਨ੍ਹਾਂ ਨੇ ਕਦੇ ਵੀ ਮੁਸਲਿਮ ਭਾਈਚਾਰੇ ਤੋਂ ਨਫ਼ਰਤ ਨਹੀਂ ਸੀ। ਉਨ੍ਹਾਂ ਦਾ ਵਿਰੋਧ ਸਿਰਫ ਉਨ੍ਹਾਂ ਲੋਕਾਂ ਲਈ ਸੀ, ਜੋ ਭਾਰਤ ’ਚ ਰਹਿੰਦਿਆਂ ਪਾਕਿਸਤਾਨ ਦੀ ਤਾਰੀਫ਼ ਕਰਦੇ ਸਨ।

ਦੱਖਣੀ ਮੁੰਬਈ ’ਚ ਮਹਾਰਾਸ਼ਟਰ ਵਿਧਾਨ ਸਭਾ ਭਵਨ ਦੇ ਕੇਂਦਰੀ ਹਾਲ ’ਚ ਬਾਲ ਠਾਕਰੇ ਦੀ 97ਵੀਂ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਦੀ ਆਇਲ ਪੇਂਟਿੰਗ ਦੇ ਉਦਘਾਟਨ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਿਵ ਸੈਨਾ ਦੇ ਸੰਸਥਾਪਕ ਨੇ ਸੱਤਾ ਹਥਿਆਉਣ ਲਈ ਕਦੇ ਵੀ ਆਪਣੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਬਾਲ ਠਾਕਰੇ ਦੇ ਬੇਟੇ ਅਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਮਾਗਮ ’ਚ ਸ਼ਾਮਲ ਨਹੀਂ ਹੋਏ।

ਵਿਧਾਨ ਭਵਨ ਕੰਪਲੈਕਸ ’ਚ ਸ਼ਿਵ ਸੈਨਾ ਦੇ ਸੰਸਥਾਪਕ ਦੀ ਤਸਵੀਰ ਤੋਂ ਪਰਦਾ ਹਟਾਉਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਬਾਲਾ ਸਾਹਿਬ ਦੀ ਆਇਲ ਪੇਂਟਿੰਗ ਲਗਾਉਣ ਦਾ ਤੁਹਾਡਾ ਕੰਮ ਚੰਗਾ ਹੋ ਸਕਦਾ ਹੈ ਪਰ ਤੁਹਾਡੇ ਇਰਾਦੇ ਖਰਾਬ ਹਨ।


author

Rakesh

Content Editor

Related News