ਪਾਕਿ ਨੇ ਪੁੰਛ, ਕਠੂਆ ਤੇ ਉੜੀ ’ਚ ਕੀਤੀ ਗੋਲੀਬਾਰੀ
Thursday, Mar 26, 2020 - 10:40 PM (IST)
ਜੰਮੂ/ਸ਼੍ਰੀਨਗਰ (ਭਾਸ਼ਾ, ਧਨੁਜ)– ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ ਅਤੇ ਕਠੂਆ ਜ਼ਿਲੇ ’ਚ ਕੰਟਰੋਲ ਲਾਈਨ ਅਤੇ ਕੌਮਾਂਤਰੀ ਸਰਹੱਦ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ। ਭਾਰਤੀ ਫੌਜੀਆਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਜਵਾਨਾਂ ਨੇ ਵੀਰਵਾਰ ਦੁਪਹਿਰ ਬਾਅਦ ਪੁੰਛ ਜ਼ਿਲੇ ਦੇ ਦਿਗਵਾਰ ਖੇਤਰ ’ਚ ਕੰਟਰੋਲ ਲਾਈਨ ਦੇ ਨਾਲ ਲਗਦੀਆਂ ਮੁੱਢਲੀਆਂ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜੀਆਂ ਨੇ ਜਵਾਬੀ ਕਾਰਵਾਈ ਕੀਤੀ, ਜੋ ਕਿ 20 ਮਿੰਟ ਤੱਕ ਚੱਲੀ।
ਉਧਰ ਬਾਰਾਮੁੱਲਾ ਜ਼ਿਲੇ ਦੇ ਉੜੀ ਸੈਕਟਰ ’ਚ ਹਾਜੀਪੀਰ ਇਲਾਕੇ ’ਚ ਸਥਿਤ ਭਾਰਤੀ ਚੌਕੀਆਂ ’ਤੇ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰੱਖਿਆ ਰਾਜ ਮੰਤਰੀ ਸ਼੍ਰੀਪਾਦ ਯਸੋ ਨਾਈਕ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਇਸ ਸਾਲ 1 ਜਨਵਰੀ ਤੋਂ 23 ਫਰਵਰੀ ਦਰਮਿਆਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਲਾਈਨ ’ਤੇ ਜੰਗਬੰਦੀ ਦੀ ਉਲੰਘਣਾ ਦੀਆਂ 646 ਘਟਨਾਵਾਂ ਹੋਈਆਂ ਹਨ।