ਪਾਕਿਸਤਾਨ ਨੇ SCO ਸਮਿਟ ਲਈ PM ਮੋਦੀ ਨੂੰ ਭੇਜਿਆ ਸੱਦਾ, ਭਾਰਤ ਨਾਲ ਸੰਬੰਧਾਂ 'ਤੇ ਆਖੀ ਇਹ ਗੱਲ

Thursday, Aug 29, 2024 - 10:29 PM (IST)

ਨਵੀਂ ਦਿੱਲੀ- ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਕਤੂਬਰ ਦੇ ਮਹੀਨੇ 'ਚ ਇਸਲਾਮਾਬਾਦ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਸ਼ੰਘਆਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਰਕਾਰਾਂ ਦੇ ਮੁਖੀਾਂ ਦਾ ਸੰਮੇਲਨ ਆਯੋਜਿਤ ਕੀਤਾ ਜਾਵੇਗਾ। 

ਏਜੰਸੀ ਮੁਤਾਬਕ, ਪਾਕਿਸਤਾਨ ਦੇ ਵਿਦੇਸ਼ ਦਫਤਰ ਦੀ ਬੁਲਾਰਣ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ 15-16 ਅਕਤੂਬਰ ਨੂੰ ਹੋਣ ਵਾਲੀ ਬੈਠਕ 'ਚ ਹਿੱਸਾ ਲੈਣ ਲਈ ਮੈਂਬਰ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਨੇ ਮੀਟਿੰਗ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਬਾਰੇ ਜਾਣਕਾਰੀ ਢੁਕਵੇਂ ਸਮੇਂ ’ਤੇ ਦਿੱਤੀ ਜਾਵੇਗੀ।

ਭਾਰਤ ਨਾਲ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨੀ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦਾ ਭਾਰਤ ਨਾਲ ਸਿੱਧਾ ਦੁਵੱਲਾ ਵਪਾਰ ਨਹੀਂ ਹੈ।

ਦੱਸ ਦਈਏ ਕਿ ਇਸਲਾਮਾਬਾਦ 'ਚ ਹੋਣ ਵਾਲੇ ਇਸ ਸੰਮੇਲਨ ਤੋਂ ਪਹਿਲਾਂ ਮੰਤਰੀ ਪੱਧਰ ਦੀ ਬੈਠਕ ਅਤੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੇ ਕਈ ਦੌਰ ਹੋਣਗੇ, ਜੋ ਐੱਸ.ਸੀ.ਓ. ਮੈਂਬਰ ਦੇਸ਼ਾਂ ਦਰਮਿਆਨ ਵਿੱਤੀ, ਆਰਥਿਕ, ਸਮਾਜਿਕ-ਸੱਭਿਆਚਾਰਕ ਅਤੇ ਮਾਨਵਤਾਵਾਦੀ ਸਹਿਯੋਗ 'ਤੇ ਕੇਂਦਰਿਤ ਹੋਣਗੇ। ਐੱਸ.ਸੀ.ਓ. ਵਿੱਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।

ਭਾਰਤ ਨੇ ਪਿਛਲੇ ਸਾਲ ਵਰਚੁਅਲ ਮੋਡ ਵਿੱਚ ਐੱਸ.ਸੀ.ਓ. ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਆਨਲਾਈਨ ਹਿੱਸਾ ਲਿਆ ਸੀ। ਹਾਲਾਂਕਿ, ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਮਈ 2023 ਵਿੱਚ ਗੋਆ ਵਿੱਚ ਐੱਸ.ਸੀ.ਓ. ਵਿਦੇਸ਼ ਮੰਤਰੀਆਂ ਦੀ ਕੌਂਸਲ ਦੀ 2-ਦਿਨਾਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਦਾ ਦੌਰਾ ਕੀਤਾ, ਜੋ ਲਗਭਗ 12 ਸਾਲਾਂ ਵਿੱਚ ਭਾਰਤ ਦਾ ਦੌਰਾ ਕਰਨ ਵਾਲਾ ਪਹਿਲਾ ਪਾਕਿਸਤਾਨੀ ਵਿਦੇਸ਼ ਮੰਤਰੀ ਸੀ।

ਭਾਰਤ ਅਤੇ ਪਾਕਿਸਤਾਨ ਦੇ ਤਣਾਅਪੂਰਨ ਸਬੰਧਾਂ ਦਾ ਇੱਕ ਲੰਮਾ ਇਤਿਹਾਸ ਹੈ, ਮੁੱਖ ਤੌਰ 'ਤੇ ਕਸ਼ਮੀਰ ਮੁੱਦਾ ਅਤੇ ਪਾਕਿਸਤਾਨ ਤੋਂ ਸਰਹੱਦ ਪਾਰ ਅੱਤਵਾਦ ਦੇ ਕਾਰਨ। ਭਾਰਤ ਕਹਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨਾਲ ਆਮ ਗੁਆਂਢੀ ਰਿਸ਼ਤੇ ਚਾਹੁੰਦਾ ਹੈ।


Rakesh

Content Editor

Related News