ਪਾਕਿ ਦੀ ਮਦਦ ਲਈ ਤੁਰਕੀ ਨੇ ਵੱਖਵਾਦੀ ਪੱਤਰਕਾਰਾਂ ਨੂੰ ਭਾਰਤ ਵਿਰੋਧੀ ਪ੍ਰਚਾਰ ਲਈ ਰੱਖਿਆ
Thursday, Dec 31, 2020 - 09:53 AM (IST)
ਇਸਲਾਮਾਬਾਦ– ਹਾਲ ਹੀ ’ਚ ਤੁਰਕੀ-ਪਾਕਿਸਤਾਨ ’ਚ ਨਵਾਂ ਗਠਜੋੜ ਬਣ ਕੇ ਉੱਭਰਿਆ ਹੈ ਅਤੇ ਭਾਰਤ ਵਿਰੋਧੀ ਪ੍ਰਚਾਰ ਲਈ ਦੋਵੇਂ ਦੇਸ਼ ਸਿੱਖਿਆ, ਮੀਡੀਆ ਅਤੇ ਐੱਨ. ਜੀ. ਓ. ਨੈੱਟਵਰਕ ਬਣਾਉਣ ’ਚ ਲੱਗੇ ਹਨ। ਪਾਕਿਸਤਾਨ ਦੀ ਸ਼ਹਿ ’ਤੇ ਤੁਰਕੀ ਭਾਰਤ ਵਿਰੋਧੀ ਅਨਸਰਾਂ ਲਈ ਸਵਰਗ ਬਣਨ ਦੇ ਨਾਲ-ਨਾਲ ਭਾਰਤ ਵਿਰੋਧੀ ਕਲਾਕਾਰਾਂ ਅਤੇ ਪਾਕਿਸਤਾਨੀ ਏਜੰਸੀਆਂ ਲਈ ਮਿਲਣ ਦੀ ਜਗ੍ਹਾ ਵੀ ਬਣ ਗਿਆ ਹੈ। ਤੁਰਕੀ ਦਾ ਮੀਡੀਆ ਭਾਰਤ ਵਿਰੋਧੀ ਪ੍ਰਚਾਰ ਕਰਨ ’ਚ ਸਭ ਤੋਂ ਅੱਗੇ ਹੈ। ਇਨ੍ਹਾਂ ਮੀਡੀਆ ਘਰਾਣਿਆਂ ਦੀ ਸਮੱਗਰੀ ’ਚ ਭਾਰਤੀ ਸਰਕਾਰ ਦੀ ਕਾਫੀ ਆਲੋਚਨਾ ਹੁੰਦੀ ਹੈ।
ਤੁਰਕੀ ਰੇਡੀਓ ਅਤੇ ਟੈਲੀਵਿਜ਼ਨ ਅਤੇ ਅਨਾਡੋਲੂ ਏਜੰਸੀ ਭਾਰਤ ਵਿਰੋਧੀ ਪ੍ਰਚਾਰ ਕਰਨ ’ਚ ਮੋਹਰੀ ਹਨ। ਇਹ ਦੋਵੇਂ ਸਮਾਚਾਰ ਸੰਗਠਨ ਸਮਾਚਾਰ ਰਿਪੋਰਟਾਂ ਦੀ ਆੜ ’ਚ ‘ਕਸ਼ਮੀਰੀਆਂ ਅਤੇ ਮੁਸਲਿਮਾਂ ’ਤੇ ਅੱਤਿਆਚਾਰ’ ਅਤੇ ‘ਸੀ. ਏ. ਏ.-ਐੱਨ. ਆਰ. ਸੀ.’ ਵਰਗੇ ਮੁੱਦਿਆਂ ਨੂੰ ਉਠਾ ਰਹੇ ਹਨ। ਪ੍ਰਸਾਰਿਤ ਹੋਣ ਵਾਲੀਆਂ ਖ਼ਬਰਾਂ ਅਤੇ ਸਮਾਚਾਰ ਏਜੰਸੀਆਂ ਦੇ ਨਾਲ-ਨਾਲ ਪ੍ਰਿੰਟ ਮੀਡੀਆ ਵੀ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਸ਼ਾਮਲ ਹਨ। ਤੁਰਕੀ ਦੀ ਅਖਬਾਰ ਯੇਨੀ ਸਾਫਾਕ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦੇ ਹੋਏ ‘ਗੁਜਰਾਤ ਕਿਲਰ’ ਦੇ ਨਾਂ ਨਾਲ ਲੇਖ ਪ੍ਰਕਾਸ਼ਿਤ ਕੀਤਾ ਸੀ ਅਤੇ ਸੀ. ਏ. ਏ. ਨੂੰ ਮੁਸਲਿਮ ਵਿਰੋਧੀ ਦੱਸਿਆ ਸੀ। ਤੁਰਕੀ ਮੀਡੀਆ ਨੇ ਹੁਣ ਪਾਕਿਸਤਾਨ ਸਮਰਥਕ ਅਤੇ ਭਾਰਤ ਵਿਰੋਧੀ ਅਨਸਰਾਂ ਨੂੰ ਵੀ ਆਪਣੇ ਇਥੇ ਕੰਮ ਦੇਣਾ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਭਾਰਤੀ ਅਖਬਾਰਾਂ ਦੇ ਨਾਲ ਕੰਮ ਕਰ ਚੁੱਕਾ ਜੰਮੂ-ਕਸ਼ਮੀਰ ਦਾ ਪੱਤਰਕਾਰ ਹੁਣ ਅਨਾਡੋਲੂ ਏਜੰਸੀ ਲਈ ਕੰਮ ਕਰ ਰਿਹਾ ਹੈ। ਉਹ ਨੇੜੇ ਤੋਂ ਪਾਕਿਸਤਾਨੀ ਏਜੰਸੀਆਂ ਨਾਲ ਜੁੜਿਆ ਹੈ, ਉਨ੍ਹਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਹੈ ਅਤੇ ਤੁਰਕੀ ’ਚ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ। ਉਹ ਪਾਕਿਸਤਾਨੀ ਆਈ. ਐੱਸ. ਆਈ. ਦੇ ਸੰਪਰਕ ’ਚ ਹੈ ਅਤੇ ਵੈੱਬਸਾਈਟ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਪੂਰੀ ਤਰ੍ਹਾਂ ਨਾਲ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ। ਉਹ ਪਾਕਿਸਤਾਨੀ ਆਈ. ਐੱਸ. ਆਈ. ਦੇ ਸੰਪਰਕ ’ਚ ਹੈ ਜੋ ਪੂਰੀ ਤਰ੍ਹਾਂ ਨਾਲ ਭਾਰਤ ਵਿਰੋਧੀ ਸਮੱਗਰੀ ਲਈ ਸਮਰਪਿਤ ਹੈ। ਆਈ. ਐੱਸ. ਆਈ. ਸਿੱਧੇ ਤੌਰ ’ਤੇ ਵੈੱਬਸਾਈਟ ਨੂੰ ਫੰਡ ਮੁਹੱਈਆ ਕਰਾ ਰਹੀ ਹੈ ਜੋ ਲਾਂਚਿੰਗ ਦੀ ਫੈਸਲਾਕੁੰਨ ਸਟੇਜ ’ਚ ਹੈ।
ਪੱਛਮੀ ਦੇਸ਼ਾਂ ਦੇ ਆਬਜ਼ਰਵਰ ਵੈੱਬਸਾਈਟ ਦੇ ਸੋਚੇ ਹੋਏ ਦਰਸ਼ਕ ਹਨ। ਹਾਲਾਂਕਿ ਉਹ ਭਾਰਤ ’ਚ ਵੀ ਨੈੱਟਵਰਕ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਠੀਕ ਉਸੇ ਤਰ੍ਹਾਂ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਪੋਤੀ ਰੂਵਾ ਸ਼ਾਹ ਵੀ ਟੀ. ਆਰ. ਟੀ. ’ਤੇ ਅੰਗਰੇਜ਼ੀ ’ਚ ਹਫਤਾਵਾਰੀ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਸ਼ੋਅ ਕਸ਼ਮੀਰ ’ਤੇ ਭਾਰਤ ਵਿਰੋਧੀ ਰੁਖ ਨੂੰ ਬੜ੍ਹਾਵਾ ਦੇ ਰਿਹਾ ਹੈ। ਅਜਿਹੇ ਹੀ ਕਈ ਹੋਰ ਵੱਖਵਾਦੀ ਪੱਤਰਕਾਰ ਤੁਰਕੀ ਦੇ ਮੀਡੀਆ ਨਾਲ ਜੁੜੇ ਹੋਏ ਹਨ।