ਭੋਲਨਾਥ ਦੇ ਭਗਤਾਂ ''ਚ ਉਤਸ਼ਾਹ, 5600 ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਕੀਤੀ ਸ਼ੁਰੂ
Thursday, Jul 04, 2024 - 05:25 PM (IST)
ਜੰਮੂ- ਮੋਹਲੇਧਾਰ ਮੀਂਹ ਦੇ ਬਾਵਜੂਦ 5600 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਵੀਰਵਾਰ ਨੂੰ ਅਮਰਨਾਥ ਗੁਫ਼ਾ ਮੰਦਰ ਦੇ ਦੋ ਆਧਾਰ ਕੈਂਪਾਂ, ਬਾਲਟਾਲ ਅਤੇ ਪਹਿਲਗਾਮ ਵੱਲ ਜੰਮੂ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ 30 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਬਰਫ਼ ਦੇ ਕੁਦਰਤੀ ਰੂਪ ਨਾਲ ਬਣੇ ਸ਼ਿਵਲਿੰਗ ਦੀ ਪੂਜਾ ਕੀਤੀ। ਹੁਣ ਤੱਕ 1 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਸ਼ਰਧਾਲੂਆਂ ਦੇ 7ਵੇਂ ਜੱਥੇ ਵਿਚ 4,487 ਪੁਰਸ਼, 1,011 ਔਰਤਾਂ, 10 ਬੱਚੇ ਅਤੇ 188 ਸਾਧੂ ਅਤੇ ਸਾਧਵੀਆਂ ਸ਼ਾਮਲ ਹਨ, ਜੋ ਕਿ CRPF ਦੀ ਸੁਰੱਖਿਆ ਵਿਚ 219 ਵਾਹਨਾਂ ਵਿਚ ਸਵਾਰ ਹੋ ਕੇ ਭਗਵਤੀ ਨਗਰ ਆਧਾਰ ਕੈਂਪ ਤੋਂ ਤੜਕੇ 3 ਵਜੇ ਨਿਕਲੇ।
ਅਧਿਕਾਰੀਆਂ ਨੇ ਦੱਸਿਆ ਇਨ੍ਹਾਂ ਵਿਚੋਂ 3,668 ਸ਼ਰਧਾਲੂਆਂ ਨੇ ਰਿਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਨੂੰ ਚੁਣਿਆ, ਜਦਕਿ 2,028 ਸ਼ਰਧਾਲੂਆਂ ਨੇ ਛੋਟੇ ਪਰ ਵਧੇਰੇ ਮੁਸ਼ਕਲ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਨੂੰ ਚੁਣਿਆ। ਉਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਯਾਤਰਾ ਨੂੰ ਹਰੀ ਝੰਡੀ ਵਿਖਾਈ ਸੀ। ਇਹ 52 ਦਿਨਾਂ ਤੀਰਥ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਅਤੇ 19 ਅਗਸਤ ਨੂੰ ਖਤਮ ਹੋਵੇਗੀ। ਪਿਛਲੇ ਸਾਲ ਸਾਢੇ 4 ਲੱਖ ਤੋਂ ਵੱਧ ਸ਼ਰਧਾਲੂਆਂ ਨੇ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਵਿਚ ਹਿਮ ਸ਼ਿਵਲਿੰਗ ਦੇ ਦਰਸ਼ਨ ਕੀਤੇ।