''ਆਪਰੇਸ਼ਨ ਸਿੰਦੂਰ'' ''ਤੇ ਟਿੱਪਣੀਆਂ ਕਰਨ ਵਾਲਾ ਯੂਨੀਵਰਸਿਟੀ ਦਾ ਪ੍ਰੋਫੈਸਰ ਗ੍ਰਿਫ਼ਤਾਰ
Sunday, May 18, 2025 - 02:32 PM (IST)

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਇਕ ਨਿੱਜੀ ਯੂਨੀਵਰਸਿਟੀ ਦੇ 'ਐਸੋਸੀਏਟ ਪ੍ਰੋਫੈਸਰ' ਅਲੀ ਮਹਿਮੂਦਾਬਾਦ ਨੂੰ 'ਆਪਰੇਸ਼ਨ ਸਿੰਦੂਰ' ਬਾਰੇ ਕੀਤੇ ਗਏ ਇਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਭਾਜਪਾ ਯੁਵਾ ਮੋਰਚਾ ਦੇ ਇਕ ਆਗੂ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਰਾਏ ਦੇ ਸਹਾਇਕ ਪੁਲਸ ਕਮਿਸ਼ਨਰ ਅਜੀਤ ਸਿੰਘ ਨੇ ਫ਼ੋਨ 'ਤੇ ਕਿਹਾ,"ਅਲੀ ਖਾਨ ਮਹਿਮੂਦਾਬਾਦ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।" ਉਨ੍ਹਾਂ ਕਿਹਾ ਕਿ ਉਸ ਨੂੰ 'ਆਪਰੇਸ਼ਨ ਸਿੰਦੂਰ' ਨਾਲ ਸਬੰਧਤ ਕੁਝ ਟਿੱਪਣੀਆਂ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸ਼ੋਕਾ ਯੂਨੀਵਰਸਿਟੀ ਨੇ ਇਕ ਬਿਆਨ 'ਚ ਕਿਹਾ,"ਸਾਨੂੰ ਜਾਣਕਾਰੀ ਮਿਲੀ ਹੈ ਕਿ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਨੂੰ ਅੱਜ ਸਵੇਰੇ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ। ਅਸੀਂ ਮਾਮਲੇ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰ ਰਹੇ ਹਾਂ।'' ਬਿਆਨ 'ਚ ਕਿਹਾ ਗਿਆ,''ਯੂਨੀਵਰਸਿਟੀ ਜਾਂਚ 'ਚ ਪੁਲਸ ਅਤੇ ਸਥਾਨਕ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰੇਗੀ।''
ਇਹ ਵੀ ਪੜ੍ਹੋ : 'ਨਿਆਂ ਹੋਇਆ' : ਭਾਰਤੀ ਫ਼ੌਜ ਨੇ 'ਆਪਰੇਸ਼ਨ ਸਿੰਦੂਰ' ਦਾ ਵੀਡੀਓ ਕੀਤਾ ਜਾਰੀ
ਇਸ ਤੋਂ ਪਹਿਲਾਂ, ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਹਾਲ ਹੀ 'ਚ ਐਸੋਸੀਏਟ ਪ੍ਰੋਫੈਸਰ ਨੂੰ 'ਆਪਰੇਸ਼ਨ ਸਿੰਦੂਰ' ਸੰਬੰਧੀ ਉਨ੍ਹਾਂ ਦੀਆਂ ਟਿੱਪਣੀਆਂ 'ਤੇ ਨੋਟਿਸ ਭੇਜਿਆ ਸੀ। 12 ਮਈ ਨੂੰ ਜਾਰੀ ਕੀਤੇ ਗਏ ਨੋਟਿਸ 'ਚ ਜ਼ਿਕਰ ਕੀਤਾ ਗਿਆ ਹੈ ਕਿ ਕਮਿਸ਼ਨ ਨੇ "7 ਮਈ ਨੂੰ ਜਾਂ ਇਸ ਦੇ ਆਸ-ਪਾਸ" ਮਹਿਮੂਦਾਬਾਦ, ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਅਸ਼ੋਕਾ ਯੂਨੀਵਰਸਿਟੀ, ਸੋਨੀਪਤ ਦੁਆਰਾ ਦਿੱਤੇ ਗਏ "ਜਨਤਕ ਬਿਆਨਾਂ/ਟਿੱਪਣੀਆਂ" ਦਾ ਖ਼ੁਦ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ,"ਅਸੀਂ ਦੇਸ਼ ਦੀਆਂ ਧੀਆਂ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਸਲਾਮ ਕਰਦੇ ਹਾਂ ਪਰ ਰਾਜਨੀਤੀ ਸ਼ਾਸਤਰ ਪੜ੍ਹਾਉਣ ਵਾਲੇ ਪ੍ਰੋਫੈਸਰ ਨੇ ਉਨ੍ਹਾਂ ਲਈ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਹਨ... ਮੈਨੂੰ ਉਮੀਦ ਸੀ ਕਿ ਉਹ ਘੱਟੋ-ਘੱਟ ਅੱਜ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ ਅਤੇ ਅਫ਼ਸੋਸ ਪ੍ਰਗਟ ਕਰਨਗੇ।"
ਮਹਿਮੂਦਾਬਾਦ ਦੀਆਂ ਟਿੱਪਣੀਆਂ ਕਮਿਸ਼ਨ ਦੇ ਨੋਟਿਸ ਨਾਲ ਜੁੜੀਆਂ ਸਨ, ਜਿਨ੍ਹਾਂ 'ਚੋਂ ਇਕ 'ਚ ਕਿਹਾ ਗਿਆ ਸੀ ਕਿ ਕਰਨਲ ਕੁਰੈਸ਼ੀ ਦੀ ਪ੍ਰਸ਼ੰਸਾ ਕਰਨ ਵਾਲੇ ਸੱਜੇ-ਪੱਖੀ ਲੋਕਾਂ ਨੂੰ ਭੀੜ ਦੁਆਰਾ ਕੀਤੀ ਗਈ ਹੱਤਿਆ ਅਤੇ ਜਾਇਦਾਦਾਂ ਨੂੰ "ਮਨਮਾਨੇ ਢੰਗ ਨਾਲ" ਢਾਹੁਣ ਦੇ ਪੀੜਤਾਂ ਲਈ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ। ਐਸੋਸੀਏਟ ਪ੍ਰੋਫੈਸਰ ਨੇ ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਦੀ ਮੀਡੀਆ ਬ੍ਰੀਫਿੰਗ ਨੂੰ "ਦਿਖਾਵਾ" ਦੱਸਿਆ ਸੀ। ਉਸ ਨੇ ਕਿਹਾ ਸੀ,''ਪਰ ਦਿਖਾਵਟੀਪਨ ਨੂੰ ਜ਼ਮੀਨੀ ਹਕੀਕਤ 'ਚ ਬਦਲਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਰਫ਼ ਪਖੰਡ ਹੈ।'' ਕਮਿਸ਼ਨ ਨੇ ਕਿਹਾ ਕਿ ਮਹਿਮੂਦਾਬਾਦ ਦੀਆਂ ਟਿੱਪਣੀਆਂ ਦੀ ਮੁੱਢਲੀ ਸਮੀਖਿਆ ਨੇ "ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਸਿੰਘ ਸਮੇਤ ਮਹਿਲਾ ਫੌਜੀ ਅਧਿਕਾਰੀਆਂ ਦੇ ਅਪਮਾਨ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ 'ਚ ਪੇਸ਼ੇਵਰ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਕਮਜ਼ੋਰ ਕਰਨ" ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ। ਭਾਰਤੀ ਹਥਿਆਰਬੰਦ ਬਲਾਂ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ 'ਆਪਰੇਸ਼ਨ ਸਿੰਦੂਰ' ਦੇ ਤਹਿਤ 6 ਮਈ ਦੇਰ ਰਾਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ ਸਨ। ਐਸੋਸੀਏਟ ਪ੍ਰੋਫੈਸਰ ਨੇ ਬਾਅਦ 'ਚ ਕਿਹਾ ਸੀ ਕਿ ਕਮਿਸ਼ਨ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ "ਗਲਤ ਸਮਝਿਆ" ਸੀ। ਮਹਿਮੂਦਾਬਾਦ ਨੇ 'X' 'ਤੇ ਕਿਹਾ ਸੀ, "...ਮੈਨੂੰ ਹੈਰਾਨੀ ਹੈ ਕਿ ਮਹਿਲਾ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਮੇਰੀ ਪੋਸਟ ਨੂੰ ਇਸ ਹੱਦ ਤੱਕ ਗਲਤ ਪੜ੍ਹਿਆ ਅਤੇ ਗਲਤ ਵਿਆਖਿਆ ਕੀਤੀ ਕਿ ਉਨ੍ਹਾਂ ਨੇ ਇਸ ਦਾ ਅਰਥ ਹੀ ਬਦਲ ਦਿੱਤਾ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e