ਆਨਲਾਈਨ ਸਟਡੀ ਲਈ ਪਿਤਾ ਨਹੀਂ ਦਿਵਾ ਸਕਿਆ ਫੋਨ, ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Wednesday, Jun 24, 2020 - 05:54 PM (IST)

ਆਨਲਾਈਨ ਸਟਡੀ ਲਈ ਪਿਤਾ ਨਹੀਂ ਦਿਵਾ ਸਕਿਆ ਫੋਨ, ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਗੁਹਾਟੀ- ਆਸਾਮ ਦੇ ਚਿਰਾਂਗ ਜ਼ਿਲ੍ਹੇ 'ਚ ਇਕ 16 ਸਾਲਾ ਵਿਦਿਆਰਥੀ ਨੇ ਇਸ ਲਈ ਖੁਦਕੁਸ਼ੀ ਕਰ ਲਈ, ਕਿਉਂਕਿ ਉਸ ਕੋਲ ਸਮਾਰਟ ਫੋਨ ਨਹੀਂ ਸੀ, ਜਿਸ ਕਾਰਨ ਉਹ ਆਨਲਾਈਨ ਜਮਾਤ 'ਚ ਸ਼ਾਮਲ ਹੋਣ ਤੋਂ ਵਾਂਝਾ ਹੋ ਰਿਹਾ ਸੀ। ਰਿਪੋਰਟ ਅਨੁਸਾਰ 10ਵੀਂ ਜਮਾਤ ਦਾ ਵਿਦਿਆਰਥੀ ਸਮਾਰਟ ਫੋਨ ਨਹੀਂ ਹੋਣ ਕਾਰਨ ਜਮਾਤ 'ਚ ਹੋਣ ਵਾਲੀ ਪੜ੍ਹਾਈ ਅਤੇ ਸਕੂਲ ਵਲੋਂ ਲਈ ਜਾਣ ਵਾਲੀਆਂ ਪ੍ਰੀਖਿਆਵਾਂ 'ਚ ਸ਼ਾਮਲ ਨਹੀਂ ਹੋ ਸਕਣ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਉਹ ਪਰਿਵਾਰ ਕਾਫ਼ੀ ਗਰੀਬ ਹੈ। ਚਿਰਾਂਗ ਦੇ ਪੁਲਸ ਸੁਪਰਡੈਂਟ ਸੁਧਾਕਰ ਸਿੰਘ ਨੇ ਕਿਹਾ ਕਿ ਮੰਗਲਵਾਰ ਦੀ ਰਾਤ ਵਿਦਿਆਰਥੀ ਆਪਣੇ ਘਰ ਕੋਲ ਮ੍ਰਿਤ ਪਾਇਆ ਗਿਆ। ਵਿਦਿਆਰਥੀ ਦੀ ਮਾਂ ਕੰਮ ਦੀ ਤਲਾਸ਼ 'ਚ ਬੈਂਗਲੁਰੂ ਗਈ ਹੋਈ ਸੀ, ਜਦੋਂ ਕਿ ਉਸ ਦੇ ਪਿਤਾ ਕੋਲ ਕੋਈ ਰੋਜ਼ਗਾਰ ਨਹੀਂ ਹੈ।

ਉਸ ਨੂੰ ਆਨਲਾਈਨ ਜਮਾਤ 'ਚ ਸ਼ਾਮਲ ਹੋਣ ਲਈ ਸਮਾਰਟ ਫੋਨ ਦੀ ਜ਼ਰੂਰਤ ਸੀ ਪਰ ਉਸ ਦਾ ਪਿਤਾ ਉਸ ਨੂੰ ਫੋਨ ਦਿਵਾਉਣ 'ਚ ਅਸਮਰੱਥ ਸੀ। ਉਨ੍ਹਾਂ ਨੇ ਦੱਸਿਆ ਕਿ ਗੁਆਂਢੀਆਂ ਅਤੇ ਉਸ ਦੇ ਕੁਝ ਕਰੀਬੀ ਦੋਸਤਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਇਸ ਸਥਿਤੀ ਨੂੰ ਲੈ ਕੇ ਵਿਦਿਆਰਥੀ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਇਸ ਦੇ ਕਾਰਨ ਹੀ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਹੋਵੇਗਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਮਾਰਚ ਤੋਂ ਹੀ ਸਕੂਲ ਅਤੇ ਕਾਲਜ ਬੰਦ ਹਨ ਅਤੇ ਇਨ੍ਹਾਂ 'ਚ ਹੁਣ ਆਨਲਾਈਨ ਕਲਾਸ ਅਤੇ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਪਰ ਜਮਾਤ ਜਾਂ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਸਮਾਰਟਫੋਨ ਦੀ ਜ਼ਰੂਰਤ ਹੁੰਦੀ ਹੈ।


author

DIsha

Content Editor

Related News