Online Game ਨੇ ਬਣਾਇਆ ਕਾਤਲ, ਮਾਪਿਆਂ ਤੇ ਭੈਣ ਦਾ ਕੀਤਾ ਕਤਲ
Tuesday, Mar 04, 2025 - 03:45 PM (IST)

ਨੈਸ਼ਨਲ ਡੈਸਕ- ਆਨਲਾਈਨ ਗੇਮ ਖੇਡਣ ਤੋਂ ਮਨ੍ਹਾ ਕਰਨ 'ਤੇ ਕਾਲਜ ਦੇ ਇਕ ਵਿਦਿਆਰਥੀ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਦਾ ਪੱਥਰ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਐੱਸਪੀ) ਭਵਾਨੀ ਸ਼ੰਕਰ ਉਦਗਾਤਾ ਨੇ ਦੱਸਿਆ ਕਿ ਇਹ ਘਟਨਾ ਓਡੀਸ਼ਾ ਦੇ ਜਗਤਸਿੰਘਪੁਰ ਥਾਣਾ ਖੇਤਰ ਜੈਬਾੜਾ ਸੇਠੀ ਸਾਹੀ 'ਚ ਰਾਤ ਕਰੀਬ 3 ਵਜੇ ਹੋਈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਦਾ ਸਿਰ ਪੱਥਰਾਂ ਜਾਂ ਕਿਸੇ ਹੋਰ ਕਠੋਰ ਵਸਤੂ ਨਾਲ ਕੁਚਲ ਦਿੱਤਾ। ਜਗਤਸਿੰਘਪੁਰ ਥਾਣੇ ਦੇ ਇੰਚਾਰਜ ਪ੍ਰਭਾਸ ਸਾਹੂ ਅਨੁਸਾਰ, ਸ਼ੁਰੂਆਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਸੂਰੀਆਕਾਂਤ ਸੇਠੀ (21) ਆਪਣੇ ਮਾਤਾ-ਪਿਤਾ ਅਤੇ ਭੈਣ ਤੋਂ ਇਸ ਲਈ ਨਾਰਾਜ਼ ਸੀ, ਕਿਉਂਕਿ ਉਹ ਉਸ ਨੂੰ ਮੋਬਾਇਲ ਫੋਨ 'ਤੇ ਆਨਲਾਈਨ ਗੇਮ ਖੇਡਣ ਤੋਂ ਰੋਕਦੇ ਸਨ।
ਇਹ ਵੀ ਪੜ੍ਹੋ : ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਕੀ ਬਾਬਾ ਵੇਂਗਾ ਦੀ ਭਵਿੱਖਬਾਣੀ ਹੋਣ ਵਾਲੀ ਹੈ ਸੱਚ
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਸ਼ਾਂਤ ਸੇਠੀ ਉਰਫ਼ ਕਾਲੀਆ (65), ਉਨ੍ਹਾਂ ਦੀ ਪਤਨੀ ਕਨਕਲਤਾ (62) ਅਤੇ ਧੀ ਰੋਜ਼ਲਿਨ (25) ਵਜੋਂ ਹੋਈ ਹੈ। ਐੱਸ.ਪੀ. ਨੇ ਦੱਸਿਆ,''ਘਟਨਾ ਤੋਂ ਬਾਅਦ ਸੂਰੀਆਕਾਂਤ ਸੇਠੀ ਪਿੰਡ ਕੋਲ ਲੁਕ ਗਿਆ ਅਤੇ ਬਾਅਦ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਉਦਗਾਤਾ ਅਨੁਸਾਰ, ਸ਼ੱਕ ਹੈ ਕਿ ਨੌਜਵਾਨ ਕਿਸੇ ਮਾਨਸਿਕ ਸਮੱਸਿਆ ਨਾਲ ਪੀੜਤ ਹੈ। ਸਥਾਨਕ ਵਿਧਾਇਕ ਅਮਰੇਂਦਰ ਦਾਸ ਨੇ ਦੱਸਿਆ ਕਿ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਪਰਿਵਾਰ ਦੇ ਲੋਕ ਇਕ ਵਾਰ ਉਨ੍ਹਾਂ ਕੋਲ ਆਏ ਸਨ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਸੂਰੀਆਕਾਂਤ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਦੀ ਗੱਲ ਉਨ੍ਹਾਂ ਦੇ ਸਾਹਮਣੇ ਸਵੀਕਾਰ ਕੀਤੀ ਹੈ। ਪੁਲਸ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਐੱਸ.ਪੀ. ਦੀ ਅਗਵਾਈ 'ਚ ਪੁਲਸ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8