ਬੱਦਲ ਫਟਣ ਕਾਰਨ ਇਕ ਵਿਅਕਤੀ ਦੀ ਮੌਤ, IMD ਨੇ ਜਾਰੀ ਕੀਤੀ ਮੋਹਲੇਧਾਰ ਮੀਂਹ ਦੀ ਚਿਤਾਵਨੀ

Thursday, Sep 26, 2024 - 04:56 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਬੱਦਲ ਫਟਣ ਤੋਂ ਬਾਅਦ ਮੋਹਲੇਧਾਰ ਮੀਂਹ ਪੈਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਖ਼ਰਾਬ ਮੌਸਮ ਕਾਰਨ ਜ਼ਿਲ੍ਹੇ ਵਿਚ ਨੈਸ਼ਨਲ ਹਾਈਵੇਅ ਸਮੇਤ 26 ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਰਾਜ ਦੇ ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਕਾਰਨ ਲਗਭਗ 50 ਸੜਕਾਂ ਬੰਦ ਹੋ ਗਈਆਂ ਸਨ, ਜਿਸ ਨਾਲ ਰਾਜ 'ਚ ਬੰਦ ਹੋਈਆਂ ਸੜਕਾਂ ਦੀ ਕੁੱਲ ਗਿਣਤੀ 71 ਹੋ ਗਈ ਹੈ। ਇਨ੍ਹਾਂ 'ਚ ਨੈਸ਼ਨਲ ਹਾਈਵੇ (NH)-707 ਵੀ ਸ਼ਾਮਲ ਹੈ। ਸਿਰਮੌਰ ਦੇ ਡਿਪਟੀ ਕਮਿਸ਼ਨਰ ਸੁਮਿਤ ਖਿਮਟਾ ਨੇ ਵੀਰਵਾਰ ਨੂੰ ਦੱਸਿਆ ਕਿ ਪਰਲੋਨੀ ਪਿੰਡ 'ਚ ਬੱਦਲ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਜ਼ਿਲ੍ਹੇ ਦੇ ਪਾਉਂਟਾ ਸਬ-ਡਿਵੀਜ਼ਨ ਦੇ ਅੰਬੋਆ ਖੇਤਰ 'ਚ ਮਲਬਾ ਡਿੱਗਣ ਕਾਰਨ ਕੁਝ ਦੁਕਾਨਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ। ਮਲਬੇ ਹੇਠ ਦੱਬੇ ਮ੍ਰਿਤਕ ਦੀ ਪਛਾਣ ਰੰਗੀ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਕੁਝ ਸੜਕਾਂ ਬੰਦ ਹਨ ਅਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਅਤੇ ਸ਼ਲਈ ਖੇਤਰਾਂ 'ਚ ਵਿਦਿਅਕ ਅਦਾਰੇ ਇਕ ਦਿਨ ਲਈ ਬੰਦ ਰੱਖੇ ਗਏ ਹਨ।

ਇਹ ਵੀ ਪੜ੍ਹੋ : ਭਾਜਪਾ ਆਗੂ ਜਬਰ ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ

ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਿਰਮੌਰ ਜ਼ਿਲ੍ਹੇ ਦਾ ਧੌਲਾਕੂਆਂ, ਰਾਜ ਦਾ ਸਭ ਤੋਂ ਵੱਧ ਮੀਂਹ ਵਾਲਾ ਸਥਾਨ ਰਿਹਾ, ਜਿੱਥੇ 275 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਪਾਉਂਟਾ ਸਾਹਿਬ 'ਚ 165.6 ਮਿਲੀਮੀਟਰ, ਨਾਹਨ 'ਚ 94.4 ਮਿਲੀਮੀਟਰ, ਧਰਮਸ਼ਾਲਾ 'ਚ 54 ਮਿਲੀਮੀਟਰ, ਜੁਬਾਰਹੱਟੀ 'ਚ 43.2 ਮਿਲੀਮੀਟਰ, ਮੰਡੀ 'ਚ 42.2 ਮਿਲੀਮੀਟਰ, ਪਾਲਮਪੁਰ 'ਚ 39 ਮਿਲੀਮੀਟਰ, ਕਾਂਗੜਾ 'ਚ 38.3 ਮਿਲੀਮੀਟਰ ਅਤੇ ਕਾਂਗੜਾ 'ਚ 38 ਮਿਲੀਮੀਟਰ ਮੀਂਹ ਪਿਆ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਸਈਓਸੀ) ਦੇ ਅਨੁਸਾਰ, ਸਿਰਮੌਰ 'ਚ ਸਭ ਤੋਂ ਵੱਧ 26 ਸੜਕਾਂ ਬੰਦ ਹਨ, ਇਸ ਤੋਂ ਬਾਅਦ ਮੰਡੀ 'ਚ 24, ਕਾਂਗੜਾ 'ਚ 10, ਸ਼ਿਮਲਾ 'ਚ 9 ਅਤੇ ਕੁੱਲੂ ਜ਼ਿਲ੍ਹੇ 'ਚ ਦੋ ਸੜਕਾਂ ਬੰਦ ਹਨ, ਜਦੋਂ ਕਿ 469 ਬਿਜਲੀ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਸਥਾਨਕ ਮੌਸਮ ਵਿਭਾਗ ਨੇ ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸਥਾਨਕ ਮੌਸਮ ਦਫ਼ਤਰ ਨੇ ਸ਼ੁੱਕਰਵਾਰ ਤੱਕ ਸ਼ਿਮਲਾ, ਸਿਰਮੌਰ ਕਾਂਗੜਾ, ਚੰਬਾ, ਸੋਲਨ, ਕੁੱਲੂ ਅਤੇ ਮੰਡੀ ਸਮੇਤ 12 ਵਿੱਚੋਂ 7 ਜ਼ਿਲ੍ਹਿਆਂ 'ਚ ਹਲਕੇ ਤੋਂ ਦਰਮਿਆਨੇ ਹੜ੍ਹ ਦੇ ਖ਼ਤਰੇ ਦੀ ਵੀ ਚਿਤਾਵਨੀ ਦਿੱਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News