ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਇਕ-ਇਕ ਘੁਸਪੈਠੀਏ ਨੂੰ ਬਾਹਰ ਕੱਢਿਆ ਜਾਵੇਗਾ : ਸ਼ਾਹ
Sunday, Feb 24, 2019 - 11:06 PM (IST)

ਜੰਮੂ (ਭਾਸ਼ਾ)-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਆਸਾਮ ਵਾਂਗ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਇਕ-ਇਕ ਘੁਸਪੈਠੀਏ ਨੂੰ ਚੁਣ-ਚੁਣ ਕੇ ਬਾਹਰ ਕੱਢਿਆ ਜਾਵੇਗਾ। ਐਤਵਾਰ ਇਥੇ ਚੋਣ ਬਿਗੁਲ ਵਜਾਉਂਦਿਆਂ ਸ਼ਾਹ ਨੇ ਕਿਹਾ ਕਿ ਅੱਤਵਾਦ ਨੂੰ ਲੈ ਕੇ ਭਾਰਤ ਸਰਕਾਰ ਦੀ ਨੀਤੀ 'ਬਿਲਕੁੱਲ ਬਰਦਾਸ਼ਤ ਨਾ ਕਰਨ' ਦੀ ਹੈ। ਪਿਛਲੀਆਂ ਸਰਕਾਰਾਂ ਵਲੋਂ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰਾਂ ਨਾਲ ਵਿਤਕਰਾ ਕੀਤੇ ਜਾਣ ਸਬੰਧੀ ਸ਼ਾਹ ਨੇ ਕਿਹਾ ਕਿ 'ਚੌਕੀਦਾਰ' ਨੇ ਇਹ ਯਕੀਨੀ ਬਣਾਇਆ ਹੈ ਕਿ ਉਕਤ ਖੇਤਰਾਂ ਨੂੰ ਦਿੱਤੀ ਜਾਣ ਵਾਲੀ ਰਕਮ ਵਿਕਾਸ 'ਤੇ ਖਰਚ ਹੋ ਗਈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ. ਡੀ. ਪੀ. ਦੀਆਂ ਟੱਬਰਵਾਦੀ ਸਰਕਾਰਾਂ ਆਪਣੇ-ਆਪਣੇ ਵਿਕਾਸ ਨੂੰ ਲੈ ਕੇ ਵਧੇਰੇ ਪ੍ਰੇਸ਼ਾਨ ਸਨ। ਜਦੋਂ ਤੋਂ ਭਾਜਪਾ ਸਰਕਾਰ ਆਈ ਹੈ, ਅਸੀਂ ਯਕੀਨੀ ਬਣਾਇਆ ਹੈ ਕਿ ਇਕ-ਇਕ ਪੈਸਾ ਲੋਕਾਂ ਤਕ ਪੁੱਜੇ। ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ।