ਪਾਣੀ ਨਾਲ ਭਰੀ ਗਲੀ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ, ਰੁੜ੍ਹਦੀਆਂ ਹੋਈਆਂ ਮਿਲੀਆਂ ਤਿੰਨ ਲਾਸ਼ਾਂ
Wednesday, Jul 12, 2023 - 04:52 PM (IST)
ਅੰਬਾਲਾ (ਭਾਸ਼ਾ)- ਹਰਿਆਣਾ ਦੇ ਅੰਬਾਲਾ 'ਚ ਬੁੱਧਵਾਰ ਨੂੰ ਰਿਹਾਇਸ਼ੀ ਕਾਲੋਨੀ 'ਚ ਪਾਣੀ ਭਰਨ ਕਾਰਨ ਉੱਥੇ ਲੰਘ ਰਹੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ ਤਿੰਨ ਲਾਸ਼ਾਂ ਪਾਣੀ 'ਚ ਰੁੜ੍ਹਦੀਆਂ ਹੋਈਆਂ ਮਿਲੀਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅੰਬਾਲਾ ਹਰਿਆਣਾ 'ਚ ਮੀਂਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਸ਼ਨੀਵਾਰ ਅਤੇ ਸੋਮਵਾਰ ਨੂੰ ਇੱਥੇ ਭਾਰੀ ਮੀਂਹ ਪਿਆ। ਪੁਲਸ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੀ ਸ਼ਾਲੀਮਾਰ ਕਾਲੋਨੀ 'ਚ ਇਕ ਵਿਅਕਤੀ ਪਾਣੀ ਨਾਲ ਭਰੀ ਗਲੀ 'ਚੋਂ ਲੰਘ ਰਿਹਾ ਸੀ, ਉਦੋਂ ਉਹ ਬਿਜਲੀ ਦੀ ਤਾਰ ਦੇ ਸੰਪਰਕ 'ਚ ਆ ਗਿਆ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਇਕ ਹੋਰ ਘਟਨਾ 'ਚ ਅੰਬਾਲਾ ਸ਼ਹਿਰ 'ਚ ਤਿੰਨ ਲਾਸ਼ਾਂ ਪਾਣੀ 'ਚ ਰੁੜ੍ਹਦੀਆਂ ਮਿਲੀਆਂ। ਉਨ੍ਹਾਂ 'ਚੋਂ 2 ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦੀ ਉਮਰ ਕਰੀਬ 70 ਅਤੇ 20 ਸਾਲ ਹੈ। ਸਰਕਾਰੀ ਅੰਕੜੇ ਅਨੁਸਾਰ ਹਰਿਆਣਾ ਅਤੇ ਪੰਜਾਬ 'ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ 'ਚੋਂ ਘੱਟੋ-ਘੱਟ 15 ਲੋਕਾਂ ਦੀ ਜਾਨ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੰਬਾਲਾ ਜ਼ਿਲ੍ਹੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਅੰਬਾਲਾ ਦਾ ਦੌਰਾ ਕਰਨਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।