ਜੰਮੂ ਕਸ਼ਮੀਰ ਦੇ ਕਠੁਆ ''ਚ ਇਕ ਨਿੱਜੀ ਬੈਂਕ ਤੋਂ ਇਕ ਕਰੋੜ ਰੁਪਏ ਦੀ ਨਕਦੀ ਚੋਰੀ
Monday, Jun 20, 2022 - 03:01 PM (IST)
ਕਠੁਆ (ਭਾਸ਼ਾ)- ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ 'ਚ ਇਕ ਨਿੱਜੀ ਬੈਂਕ ਤੋਂ ਇਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਚੋਰੀ ਹੋ ਗਈ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਐੱਚ.ਡੀ.ਐੱਫ.ਸੀ. ਬੈਂਕ ਦੀ ਹਟਲੀ ਮੋੜ ਇਲਾਕੇ 'ਚ ਸਥਿਤ ਸ਼ਾਖਾ 'ਚ ਹੋਈ। ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਸੁਰੱਖਿਆ ਕਰਮੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਸੀ। ਕਠੁਆ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਆਰ.ਸੀ. ਕੋਤਵਾਲ ਨੇ ਦੱਸਿਆ ਕਿ ਚੋਰ ਛੱਤ ਤੋਂ ਬੈਂਕ 'ਚ ਦਾਖ਼ਲ ਹੋਏ ਅਤੇ ਉਸ ਦੇ ਸੁਰੱਖਿਆ ਕਰਮਚਾਰੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ।
ਕੋਤਵਾਲ ਅਨੁਸਾਰ, ਸੁਰੱਖਿਆ ਕਰਮੀ ਨੇ ਪੁਲਸ ਨੂੰ ਦੱਸਿਆ ਕਿ ਚੋਰਾਂ ਨੇ 'ਕੈਸ਼ ਚੈਸਟ' ਤੋੜ ਕੇ ਉਸ 'ਚੋਂ ਪੈਸੇ ਚੋਰੀ ਕੀਤੇ। ਐੱਸ.ਐੱਸ.ਪੀ. ਅਨੁਸਾਰ, ਸੁਰੱਖਿਆ ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੇ ਸੰਬੰਧ 'ਚ ਬੈਂਕ ਕਰਮਚਾਰੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਕੋਤਵਾਲ ਅਨੁਸਾਰ, ਬੈਂਕ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪ੍ਰਾਪਤ ਫੁਟੇਜ ਦੇਖਿਆ ਜਾ ਰਿਹਾ ਹੈ ਤਾਂ ਕਿ ਚੋਰਾਂ ਦੀ ਪਛਾਣ ਕੀਤੀ ਜਾ ਸਕੇ।