ਸੋਨਾ 32 ਹਜ਼ਾਰ ਦੇ ਪਾਰ, 18 ਅਪਰੈਲ ਨੂੰ ਹੋਵੇਗੀ ਹੁਣ ਤੱਕ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਅਕਸ਼ੈ ਤ੍ਰਿਤਯਾ

04/16/2018 9:06:18 AM

ਅਹਿਮਦਾਬਾਦ — ਦੋ ਦਿਨ ਬਾਅਦ 18 ਅਪਰੈਲ ਦੇ ਦਿਨ ਹੈ ਅਕਸ਼ੈ ਤ੍ਰਿਤਯਾ ਅਤੇ ਇਸ ਦਿਨ ਖਰੀਦਦਾਰੀ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਦਿਨ ਸੋਨਾ ਖਰੀਦਣ ਦਾ ਪਲਾਨ ਬਣਾਇਆ ਹੈ ਤਾਂ ਤੁਹਾਨੂੰ ਆਪਣੀ ਜੇਬ ਥੋੜ੍ਹੀ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਦਰਅਸਲ ਪੱਛਮੀ ਏਸ਼ੀਆ(ਸੀਰੀਆ 'ਤੇ ਅਮਰੀਕਾ ਵਲੋਂ ਬੰਬ ਧਮਾਕੇ)  ਕਾਰਨ ਪੈਦਾ ਹੋ ਰਹੇ ਤਣਾਅ ਦਾ ਅਸਰ ਸੋਨੇ ਅਤੇ ਚਾਂਦੀ 'ਤੇ ਵੀ ਪਿਆ ਹੈ। ਸ਼ਨੀਵਾਰ ਨੂੰ ਅਹਿਮਦਾਬਾਦ 'ਚ ਸੋਨੇ ਦੀ ਕੀਮਤ 32,300(ਪ੍ਰਤੀ 10 ਗਰਾਮ) ਰੁਪਏ ਸੀ, ਜੋ ਕਿ ਅਕਸ਼ੈ ਤ੍ਰਿਤਯਾ ਦੇ ਦਿਨ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਵਧ ਰੇਟ ਹੋਵੇਗਾ। ਇਸ ਦੇ ਨਾਲ ਹੀ ਚਾਂਦੀ ਵੀ 40 ਹਜ਼ਾਰ ਰੁਪਏ ਪ੍ਰਤੀ ਕਿਲੋਗਰਾਮ ਹੋ ਗਈ ਹੈ। 
ਹੁਣ ਤੱਕ ਦੀ ਸਭ ਤੋਂ ਮਹਿੰਗੀ ਅਕਸ਼ੈ ਤ੍ਰਿਤਯਾ
ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਅਕਸ਼ੈ ਤ੍ਰਿਤਯਾ ਦੇ ਕੋਲ ਸੋਨੇ ਦੀ ਕੀਮਤ 30,000(ਪ੍ਰਤੀ 10 ਗਰਾਮ) ਤੋਂ ਉੱਪਰ ਨਹੀਂ ਗਈ। 9 ਮਈ 2016 ਨੂੰ ਅਕਸ਼ੈ ਤ੍ਰਿਤਯਾ ਦੇ ਦਿਨ ਸੋਨਾ 29,860 ਰੁਪਏ ਸੀ। ਇਸ ਸਾਲ ਆਉਣ ਵਾਲੇ ਦਿਨਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਹੋਰ ਵਾਧੇ ਦੇ ਸੰਕੇਤ ਮਿਲ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਬੁਲੀਅਨ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਹਰੇਸ਼ ਆਚਾਰਿਆ ਨੇ ਕਿਹਾ, 'ਜੇਕਰ ਅਗਲੇ 2-3 ਦਿਨ ਕੀਮਤਾਂ 'ਚ ਇਸੇ ਗਤੀ ਨਾਲ ਵਾਧਾ ਹੁੰਦਾ ਰਿਹਾ ਤਾਂ ਆਉਣ ਵਾਲੀ ਅਕਸ਼ੈ ਤ੍ਰਿਤਯਾ ਤੱਕ ਸੋਨੇ ਦਾ ਭਾਅ ਹੁਣ ਤੱਕ ਦਾ ਸਭ ਤੋਂ ਵਧ ਭਾਅ ਹੋਵੇਗਾ।
ਸੋਨੇ ਦੀ ਕੀਮਤ ਵਧ ਹੋਣ ਦੇ ਬਾਵਜੂਦ ਲੋਕ ਆਉਣ ਵਾਲੇ ਦਿਨਾਂ ਵਿਚ ਸੋਨੇ ਦੇ ਸਿੱਕੇ, ਗਹਿਣੇ ਅਤੇ ਇੱਟਾਂ ਦੇ ਰੂਪ ਵਿਚ ਸੋਨੇ ਵਿਚ ਨਿਵੇਸ਼ ਕਰਨਾ ਜਾਰੀ ਰੱਖਣਗੇ। ਇਸ ਦਾ ਇਕ ਕਾਰਨ ਡਾਇਮੰਡ ਵੱਲ ਘੱਟ ਹੁੰਦਾ ਲੋਕਾਂ ਦਾ ਰੁਝਾਨ ਵੀ ਹੈ। ਜ਼ਿਕਰਯੋਗ ਹੈ ਕਿ ਤਿਓਹਾਰ ਜਾਂ ਸ਼ੁੱਭ ਮਹੂਰਤ ਦੇ ਦਿਨ ਲਈ ਲੋਕ ਪਹਿਲਾਂ ਹੀ ਵੱਡੀ ਗਿਣਤੀ 'ਚ ਅਡਵਾਂਸ ਬੁਕਿੰਗ ਕਰਵਾ ਲੈਂਦੇ ਹਨ ਜੋ ਕਿ ਇਸ ਸਾਲ ਵੀ ਜਾਰੀ ਹੈ। ਪਿਛਲੇ ਸਾਲ ਸੋਨੇ ਦਾ ਭਾਅ 28,861(ਪ੍ਰਤੀ 10 ਗ੍ਰਾਮ) ਸੀ ਅਤੇ ਸਾਲ 2018 ਦੀ ਸ਼ੁਰੂਆਤ ਵਿਚ ਇਹ 28,500 ਰੁਪਏ ਸੀ।
ਪੱਛਮੀ ਏਸ਼ੀਆ ਸੰਕਟ ਕਾਰਨ ਸੋਨੇ ਦੀਆਂ ਕੀਮਤਾਂ ਭਾਰਤ ਵਿਚ ਹੀ ਨਹੀਂ ਵਧ ਰਹੀਆਂ, ਸਗੋਂ ਇਹ ਵਿਸ਼ਵ-ਵਿਆਪੀ ਹੈ। ਨਿਊਯਾਰਕ ਵਿਚ ਸੋਨਾ ਸ਼ੁੱਕਰਵਾਰ ਨੂੰ 0.83 ਫੀਸਦੀ ਉਛਲ ਕੇ 1,345.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਚਾਂਦੀ ਦੀ ਚਮਕ ਵਿਚ ਵੀ 1.22 ਫੀਸਦੀ ਦਾ ਵਾਧਾ ਹੋਇਆ ਅਤੇ ਇਹ 16.63 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News