ਓਮੀਕਰੋਨ : ਕੇਜਰੀਵਾਲ ਨੇ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ’ਚ ਦੇਰੀ ’ਤੇ ਚੁੱਕੇ ਸਵਾਲ
Tuesday, Nov 30, 2021 - 12:34 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ਨੂੰ ਰੋਕਣ ’ਚ ਦੇਰੀ ’ਤੇ ਮੰਗਲਵਾਰ ਨੂੰ ਸਵਾਲ ਚੁੱਕੇ। ਕੋਰੋਨਾ ਦੇ ਬੀ.1.1.529 ਰੂਪ ਜਾਂ ਓਮੀਕਰੋਨ ਦਾ ਮਾਮਲਾ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ’ਚ ਪਿਛਲੇ ਹਫ਼ਤੇ ਸਾਹਮਣੇ ਆਇਆ ਸੀ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ‘ਚਿੰਤਾ ਵਾਲਾ’ ਰੂਪ ਕਰਾਰ ਦਿੱਤਾ ਸੀ, ਜੋ ਕਿ ਇਸ ਸਿਹਤ ਬਾਡੀ ਦੇ ਕੋਰੋਨਾ ਵਾਇਰਸ ਦੇ ਰੂਪਾਂ ਨੂੰ ਲੈ ਕੇ ਚਿੰਤਾ ਦੀ ਸਿਖ਼ਰ ਸ਼੍ਰੇਣੀ ਹੈ। ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਆਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਲਈ ਕਿਹਾ ਸੀ।
ਉਨ੍ਹਾਂ ਨੇ ਇਕ ਚਿੱਠੀ ’ਚ ਕਿਹਾ ਕਿ ਕੋਰੋਨਾ ਦੇ ਨਵੇਂ ਰੂਪ ਦੇ ਮੱਦੇਨਜ਼ਰ ਯੂਰਪੀ ਸੰਘ ਸਮੇਤ ਕਈ ਦੇਸ਼ਾਂ ਨੇ ਪ੍ਰਭਾਵਿਤ ਖੇਤਰਾਂ ਨਾਲ ਯਾਤਰਾਵਾਂ ਮੁਲਤੀਆਂ ਕਰ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਚਿੰਤਾਜਨਕ ਨਵੇਂ ਰੂਪ ਨੂੰ ਭਾਰਤ ’ਚ ਆਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਖੇਤਰਾਂ ਤੋਂ ਉਡਾਣਾਂ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਪੀੜਤ ਭਾਰਤ ’ਚ ਦਾਖ਼ਲ ਹੁੰਦਾ ਹੈ ਤਾਂ ਇਸ ਸੰਬੰਧ ’ਚ ਕਿਸੇ ਵੀ ਦੇਰੀ ਦਾ ਖ਼ਾਮਿਆਜ਼ਾ ਚੁੱਕਣਾ ਪੈ ਸਕਦਾ ਹੈ। ਕੇਂਦਰ ਸਰਕਾਰ ਨੇ ਪਿਛਲੇ ਵੀਰਵਾਰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੱਖਣੀ ਅਫ਼ਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਖ਼ਤੀ ਨਾਲ ਜਾਂਚ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ਦੇਸ਼ ’ਚ 112 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਨਵੇਂ ਮਾਮਲਿਆਂ ਦੀ ਗਿਣਤੀ ਘਟੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ