ਨੈਸ਼ਨਲ ਕਾਨਫਰੰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਉਮਰ ਅਬਦੁੱਲਾ

Thursday, Oct 10, 2024 - 11:17 PM (IST)

ਸ਼੍ਰੀਨਗਰ, (ਭਾਸ਼ਾ)- ਉਮਰ ਅਬਦੁੱਲਾ ਨੂੰ ਵੀਰਵਾਰ ਨੂੰ ਸਰਬਸੰਮਤੀ ਨਾਲ ਨੈਸ਼ਨਲ ਕਾਨਫਰੰਸ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਇਥੇ ਇਹ ਜਾਣਕਾਰੀ ਦਿੱਤੀ। ਫਾਰੂਕ ਨੇ ਕਿਹਾ ਕਿ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ਵਿਚ ਉਮਰ ਅਬਦੁੱਲਾ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਨੇਤਾ ਚੁਣ ਲਿਆ ਗਿਆ।

ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸ਼ੁੱਕਰਵਾਰ ਨੂੰ ਪ੍ਰੀ-ਪੋਲ ਗੱਠਜੋੜ ਦੇ ਭਾਈਵਾਲਾਂ ਦੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਆਪਣਾ ਨੇਤਾ ਚੁਣਨ ਲਈ ਪਾਰਟੀ ਹੈੱਡਕੁਆਰਟਰ ‘ਨਵਾ-ਏ-ਸੁਬਹ’ ਵਿਚ ਮੀਟਿੰਗ ਕੀਤੀ। ਵਿਧਾਇਕ ਦਲ ਦਾ ਨੇਤਾ ਹੀ ਸ਼ਾਇਦ ਮੁੱਖ ਮੰਤਰੀ ਹੋਵੇਗਾ।

ਨੈਸ਼ਨਲ ਕਾਨਫਰੰਸ ਨੇ ਹਾਲ ਹੀ ਵਿਚ ਸੰਪੰਨ ਚੋਣਾਂ ਵਿਚ 42 ਜਦਕਿ ਉਸ ਦੀ ਭਾਈਵਾਲ ਕਾਂਗਰਸ ਨੇ 6 ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਨੇ ਇਕ ਸੀਟ ਜਿੱਤੀ ਹੈ। ਇਸ ਤਰ੍ਹਾਂ ਗੱਠਜੋੜ ਨੂੰ 95 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਮਿਲ ਗਿਆ ਹੈ। ਵਿਧਾਇਕਾਂ ਦੀ ਬੈਠਕ ਪਾਰਟੀ ਪ੍ਰਧਾਨ ਅਤੇ ਉਮਰ ਅਬਦੁੱਲਾ ਦੇ ਪਿਤਾ ਫਾਰੂਕ ਅਬਦੁੱਲਾ ਨੇ ਸੱਦੀ ਸੀ।


Rakesh

Content Editor

Related News