ਉਮਰ ਅਬਦੁੱਲਾ ਨੇ ਪੱਛੜੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੀ ਕੀਤੀ ਵਕਾਲਤ
Thursday, May 09, 2024 - 02:52 PM (IST)
ਨੈਸ਼ਨਲ ਡੈਸਕ- ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਰਥਿਕ ਤੌਰ ’ਤੇ ਪੱਛੜੇ ਮੁਸਲਮਾਨਾਂ ਲਈ ਰਾਖਵੇਂਕਰਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਤੁਸ਼ਟੀਕਰਨ ਦੀ ਸਿਆਸਤ ਦੇ ਖਿਲਾਫ ਹਨ ਪਰ ਮੁਸਲਿਮ ਭਾਈਚਾਰੇ ਦੇ ਅੰਦਰ ਹੀ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਕੋਟਾ ਦਿੱਤੇ ਜਾਣ ਦੀ ਗੱਲ ਉੱਠਦੀ ਰਹੀ ਹੈ, ਮੈਂ ਪੂਰੇ ਭਾਈਚਾਰੇ ਨੂੰ ਕੋਟਾ ਦਿੱਤੇ ਜਾਣ ਦੇ ਖਿਲਾਫ ਹਾਂ, ਹਾਲਾਂਕਿ ਆਰਥਿਕ ਤੌਰ ’ਤੇ ਪੱਛੜੇ ਮੁਸਲਮਾਨਾਂ ਨੂੰ ਜ਼ਰੂਰ ਅੱਗੇ ਲਿਜਾਣਾ ਚਾਹੀਦਾ ਹੈ। ਉਮਰ ਅਬਦੁੱਲਾ ਵੱਲੋਂ ਮੀਡੀਆ ਨੂੰ ਦਿੱਤਾ ਗਿਆ ਇਹ ਇੰਟਰਵਿਊ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਲੋਕ ਸਭਾ ਚੋਣ ਰੈਲੀਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇਹ ਦੋਸ਼ ਲਗਾ ਰਹੇ ਹਨ ਕਿ ਕਾਂਗਰਸ ਪਾਰਟੀ ਆਪਣੀ ਵੋਟ ਬੈਂਕ ਦੀ ਸਿਆਸਤ ਲਈ ਐੱਸ. ਸੀ., ਐੱਸ. ਟੀ. ਅਤੇ ਓ. ਬੀ. ਸੀ. ਨੂੰ ਮਿਲਣ ਵਾਲਾ ਰਾਖਵਾਂਕਰਨ ਮੁਸਲਮਾਨ ਭਾਈਚਾਰੇ ਨੂੰ ਦੇਣ ਦੀ ਸਾਜ਼ਿਸ਼ ਕਰ ਰਹੀ ਹੈ।
ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨਾਲ ਸਮੱਸਿਆ ਇਹ ਹੈ ਕਿ ਅਸਲ ’ਚ ਉਹ ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਕਰ ਰਹੀ ਹੈ। ਆਪਣੀ ਗੱਲ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਸੱਚਰ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ, ਜੋ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ (2004-14) ਦੌਰਾਨ ਤਿਆਰ ਕੀਤੀ ਗਈ ਸੀ। ਉਹ ਕਹਿੰਦੇ ਹਨ ਕਿ ਜੇਕਰ ਅਸੀਂ ਮੁਸਲਮਾਨਾਂ ਦੀ ਆਰਥਿਕ ਦੁਰਦਸ਼ਾ ਦੇ ਕਿਸੇ ਵੀ ਮੁਲਾਂਕਣ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਉਚਿਤ ਹਿੱਸੇ ਤੋਂ ਵੱਧ ਨਹੀਂ ਮਿਲਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਈਚਾਰੇ ਦੀ ਤੁਸ਼ਟੀਕਰਨ ਕਿਸੇ ਹੋਰ ਦੀ ਕੀਮਤ ’ਤੇ ਨਹੀਂ ਕੀਤੀ ਗਈ ਹੈ। ਮੁਸਲਮਾਨ ਸ਼ਾਇਦ ਦੇਸ਼ ਦਾ ਸਭ ਤੋਂ ਵਾਂਝਾ ਭਾਈਚਾਰਾ ਹੈ।
ਮੋਦੀ ਮੰਤਰੀ ਮੰਡਲ ’ਚ ਇਕ ਵੀ ਮੁਸਲਿਮ ਚਿਹਰਾ ਨਹੀਂ
ਬਾਰਾਮੂਲਾ ਤੋਂ ਲੋਕ ਸਭਾ ਚੋਣ ਦੇ ਉਮੀਦਵਾਰ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੀ ਆਬਾਦੀ ’ਚ 14 ਫੀਸਦੀ ਹਿੱਸਾ ਰੱਖਣ ਵਾਲੇ ਮੁਸਲਮਾਨ ਭਾਈਚਾਰੇ ਦਾ ਇਕ ਵੀ ਵਿਅਕਤੀ ਸੱਤਾਧਾਰੀ ਪਾਰਟੀ ਵੱਲੋਂ ਲੋਕ ਸਭਾ ਜਾਂ ਰਾਜ ਸਭਾ ’ਚ ਨਹੀਂ ਗਿਆ। ਇੰਨੇ ਸਾਲਾਂ ਵਿਚ ਮੋਦੀ ਮੰਤਰੀ ਮੰਡਲ ਵਿਚ ਇਕ ਵੀ ਮੁਸਲਿਮ ਚਿਹਰਾ ਨਹੀਂ ਰਿਹਾ। ਆਪਣੇ ਪਰਿਵਾਰ ’ਤੇ ਵੰਸ਼ਵਾਦੀ ਰਾਜਨੀਤੀ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਵੀ ਦੂਜੀਆਂ ਪਾਰਟੀਆਂ ਵਾਂਗ ਹੀ ਦੋਸ਼ੀ ਹੈ। ਇਸ ਚੋਣ ਵਿਚ ਭਾਜਪਾ ਦੀਆਂ ਟਿਕਟਾਂ ਦਾ ਪੰਜਵਾਂ ਹਿੱਸਾ ਇਨ੍ਹਾਂ ਨੇਤਾਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਿਆ ਹੈ। ਦੇਖੋ ਕਿਵੇਂ ਉਨ੍ਹਾਂ ਨੇ ਦਾਗੀ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ ਨੂੰ ਹਟਾ ਦਿੱਤਾ ਪਰ ਟਿਕਟ ਉਨ੍ਹਾਂ ਦੇ ਪੁੱਤਰ ਨੂੰ ਦਿੱਤੀ। ਭਾਜਪਾ ਵੱਲੋਂ ਕਸ਼ਮੀਰ ਦੀਆਂ ਤਿੰਨ ਲੋਕ ਸਭਾ ਸੀਟਾਂ ਵਿਚੋਂ ਕਿਸੇ ਵੀ ਸੀਟ ਤੋਂ ਚੋਣ ਨਾ ਲੜਨ ’ਤੇ ਉਮਰ ਨੇ ਭਗਵਾ ਪਾਰਟੀ ’ਤੇ ਨੈਸ਼ਨਲ ਕਾਨਫਰੰਸ ਦੇ ਖਿਲਾਫ ਆਪਣੇ ਉਮੀਦਵਾਰ ਖੜ੍ਹੇ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਬਾਰਾਮੂਲਾ ਵਿਚ ਆਪਣੇ ਮੁੱਖ ਵਿਰੋਧੀ ਪੀਪਲਜ਼ ਕਾਨਫਰੰਸ ਦੇ ਸੱਜਾਦ ਲੋਨ ਦਾ ਨਾਂ ਲੈਂਦਿਆਂ ਕਿਹਾ ਕਿ ਘਾਟੀ ਵਿਚ ਇਸ ਚੋਣ ਵਿਚ ਭਾਜਪਾ ਦਾ ਭਾਵੇਂ ਕੋਈ ਚੋਣ ਨਿਸ਼ਾਨ ਨਹੀਂ ਹੈ, ਪਰ ਉਹ ਪਰਦੇ ਪਿੱਛੇ ਚੋਣ ਪ੍ਰਕਿਰਿਆ ਦਾ ਹਿੱਸਾ ਹੈ। ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਡੈਮੋਕ੍ਰੇਟਿਕ ਪਾਰਟੀ ਨੂੰ ਕਸ਼ਮੀਰ ਦੀ ਭਾਜਪਾ-ਗੱਠਜੋੜ ਵਾਲੀਆਂ ਪਾਰਟੀਆਂ ਕਿਹਾ ਜਾਂਦਾ ਹੈ।