ਇਸ ਸੂਬੇ ਦੀ ਸਰਕਾਰ ਵਲੋਂ 46 ਲੱਖ ਕਿਸਾਨਾਂ ਨੂੰ ਤੋਹਫ਼ਾ, ''ਕਾਲੀਆ ਸਕੀਮ'' ਤਹਿਤ ਵੰਡੇ 1,293 ਕਰੋੜ ਰੁਪਏ

Tuesday, Mar 12, 2024 - 12:14 PM (IST)

ਇਸ ਸੂਬੇ ਦੀ ਸਰਕਾਰ ਵਲੋਂ 46 ਲੱਖ ਕਿਸਾਨਾਂ ਨੂੰ ਤੋਹਫ਼ਾ, ''ਕਾਲੀਆ ਸਕੀਮ'' ਤਹਿਤ ਵੰਡੇ 1,293 ਕਰੋੜ ਰੁਪਏ

ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬਾ ਸਰਕਾਰ ਦੀ ਪ੍ਰਮੁੱਖ 'ਕਿਸਾਨ ਆਜੀਵਿਕਾ ਅਤੇ ਆਮਦਨ ਵਧਾਉਣ ਸਹਾਇਤਾ' (ਕਾਲੀਆ) ਸਕੀਮ ਦੇ ਤਹਿਤ 46 ਲੱਖ ਕਿਸਾਨਾਂ ਨੂੰ 1,293 ਕਰੋੜ ਰੁਪਏ ਖ਼ਾਤਿਆਂ ਵਿਚ ਟਰਾਂਸਫਰ ਕੀਤੇ। ਮੁੱਖ ਮੰਤਰੀ ਸਕੀਮ  ਨੂੰ ਤਿੰਨ ਹੋਰ ਸਾਲਾਂ ਲਈ ਵਧਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਸੂਬੇ ਦੇ ਹਰੇਕ ਜ਼ਿਲ੍ਹੇ ਲਈ 30 ‘ਕਾਲੀਆ’ ਕੇਂਦਰਾਂ ਦਾ ਉਦਘਾਟਨ ਵੀ ਕੀਤਾ।

ਸਕੀਮ ਤਹਿਤ, ਓਡੀਸ਼ਾ ਸਰਕਾਰ ਲੋੜਵੰਦ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸਕੀਮ ਤਹਿਤ ਕਿਸਾਨ ਨੂੰ ਦੋ ਕਿਸ਼ਤਾਂ ਵਿਚ 4,000 ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ। ਪਹਿਲੀ ਕਿਸ਼ਤ 'ਚ ਸਾਉਣੀ ਦੇ ਸੀਜ਼ਨ ਲਈ 2000 ਰੁਪਏ ਅਤੇ ਦੂਜੀ ਕਿਸ਼ਤ ਵਿਚ 2000 ਰੁਪਏ ਹਾੜੀ ਦੀ ਫ਼ਸਲ ਲਈ ਦਿੱਤੇ ਜਾਂਦੇ ਹਨ। ਪਟਨਾਇਕ ਨੇ ਇਸ ਯੋਜਨਾ ਨੂੰ 2026-27 ਤੱਕ ਵਧਾਉਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਇਸ ਲਈ 6,030 ਕਰੋੜ ਰੁਪਏ ਖਰਚ ਕਰੇਗੀ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਸ ਸਕੀਮ ਤਹਿਤ ਲਾਭਪਾਤਰੀ ਕਿਸਾਨਾਂ ਦੇ ਬੱਚਿਆਂ ਲਈ ਵਿੱਦਿਅਕ ਵਜ਼ੀਫ਼ਿਆਂ ਦਾ ਦਾਇਰਾ ਵੀ ਵਧਾਇਆ। ਇਸ ਵਿਚ ਹੁਣ ਸੂਬੇ ਦੇ ਅੰਦਰ ਅਤੇ ਬਾਹਰਲੇ ਵੱਡੇ ਅਦਾਰੇ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਜਿਨ੍ਹਾਂ ਵਿੱਦਿਅਕ ਸੰਸਥਾਵਾਂ ਲਈ ਵਜ਼ੀਫੇ ਦਿੱਤੇ ਜਾ ਰਹੇ ਸਨ, ਉਨ੍ਹਾਂ ਵਿਚ ਐਨ. ਆਈ. ਟੀ, ਆਈ. ਆਈ. ਟੀ, ਆਈ. ਆਈ. ਐਮ ਅਤੇ ਏਮਜ਼ ਸ਼ਾਮਲ ਹਨ। ਸੋਮਵਾਰ ਨੂੰ ਇਸ ਮੌਕੇ 'ਤੇ ਬੋਲਦੇ ਹੋਏ ਪਟਨਾਇਕ ਨੇ ਕਿਹਾ ਕਿ ਓਡੀਸ਼ਾ 'ਚ ਹਰ ਕਿਸਾਨ ਪਰਿਵਾਰ ਨੂੰ ਸਨਮਾਨ ਨਾਲ ਰਹਿਣਾ ਚਾਹੀਦਾ ਹੈ, ਮਜ਼ਬੂਤ ਬਣਨਾ ਚਾਹੀਦਾ ਹੈ ਅਤੇ ਸੂਬੇ ਦੀ ਤਰੱਕੀ 'ਚ ਵੀ ਹਿੱਸਾ ਲੈਣਾ ਚਾਹੀਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਸੂਬੇ ਦੇ ਕਿਸਾਨਾਂ ਨੂੰ ਇਸ ਸਕੀਮ ਤਹਿਤ 13,793 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।


author

Tanu

Content Editor

Related News