ਓਡਿਸ਼ਾ ਦੇ ਰਾਜਪਾਲ ਇਕ ਨਰਮ, ਸਮਝਦਾਰ ਅਵਤਾਰ ’ਚ
Wednesday, Aug 27, 2025 - 01:00 AM (IST)

ਨੈਸ਼ਨਲ ਡੈਸਕ- ਬੰਗਾਲ ਅਤੇ ਕੇਰਲ ਵਰਗੇ ਵਿਰੋਧੀ ਸ਼ਾਸਿਤ ਸੂਬਿਆਂ ਵਿਚ ਸਰਗਰਮ ਰਾਜਪਾਲਾਂ ਦੇ ਅਦਾਲਤਾਂ ਵਲੋਂ ਪਰ ਕੁਤਰੇ ਜਾਣ ਦੇ ਨਾਲ ਭਾਜਪਾ ਸ਼ਾਸਿਤ ਸੂਬਿਆਂ ਵਿਚ ਉਨ੍ਹਾਂ ਦੇ ਹਮਰੁਤਬਾ ਆਪਣੇ ਪਰ ਫੈਲਾਉਂਦੇ ਹੋਏ ਹੌਲੀ-ਹੌਲੀ ਅਤੇ ਪੂਰੀ ਤਰ੍ਹਾਂ ਤਾਲਮੇਲ ਕਰਦੇ ਨਜ਼ਰ ਆ ਰਹੇ ਹਨ। ਉਦਾਹਰਣ ਵਜੋਂ ਓਡਿਸ਼ਾ ਦੇ ਹਰੀ ਬਾਬੂ ਕੰਭਮਪਤੀ ਨੂੰ ਲੈ ਲਓ। ਰਾਜ ਭਵਨ ’ਚ ਆਰਾਮ ਕਰਨ ਦੀ ਬਜਾਏ ਉਹ ਮੁਸਕਰਾਉਂਦੇ ਹੋਏ ਇਕ ਮਿਸ਼ਨ ’ਤੇ ਹਨ, ਜਿਸ ਦੇ ਤਹਿਤ ਉਹ ਇਕ ਸਾਲ ਵਿਚ ਸਾਰੇ 30 ਜ਼ਿਲਿਆਂ ਦਾ ਦੌਰਾ ਕਰਨਗੇ।
ਭਾਜਪਾ ਨੂੰ ਪਹਿਲੀ ਵਾਰ ਸੱਤਾ ਵਿਚ ਦੇਖਣ ਤੋਂ ਬਾਅਦ ਓਡਿਸ਼ਾ ਹੁਣ ‘ਡਬਲ ਇੰਜਣ’ ਦੀ ਸਰਕਾਰ ਦਾ ਆਨੰਦ ਮਾਣ ਰਿਹਾ ਹੈ ਅਤੇ ਇਸ ਵਿਚ ਖੁਦ ਰਾਜਪਾਲ ਨੇ ਕਮਾਨ ਸੰਭਾਲੀ ਹੋਈ ਹੈ। ਕੰਭਮਪਤੀ ਜ਼ਿਲਿਆਂ ਦਾ ਦੌਰਾ ਕਰਨ ਅਤੇ ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਮੁਦਰਾ ਅਤੇ ਅਟਲ ਪੈਨਸ਼ਨ ਯੋਜਨਾ ਅਤੇ ਇਥੋਂ ਤਕ ਕਿ ਨਵੀਂ ਸ਼ੁਰੂ ਕੀਤੀ ਗਈ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਵਰਗੀਆਂ ਕੇਂਦਰੀ ਯੋਜਨਾਵਾਂ ਦੀ ਸਮੀਖਿਆ ਕਰਨ ’ਚ ਰੁੱਝੇ ਹੋਏ ਹਨ। ਉਹ ਬਾਬੂਆਂ, ਨੇਤਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਲਾਭਪਾਤਰੀਆਂ ਨੂੰ ਮਿਲ ਰਹੇ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਸ ਨੂੰ ਕੀ ਮਿਲ ਰਿਹਾ ਹੈ ਅਤੇ ਕਿੱਥੇ ਵਾਅਦੇ ਪੂਰੇ ਨਹੀਂ ਹੋ ਰਹੇ ਹਨ।
ਪਰ ਗੇਂਦ ਨੇ ਉਸ ਸਮੇਂ ਪੂਰੀ ਤਰ੍ਹਾਂ ਟਰਨ ਲੈ ਲਿਆ ਜਦੋਂ ਰਾਜਪਾਲ ਨੇ ਮੁੱਖ ਮੰਤਰੀ ਮੋਹਨ ਮਾਝੀ ਅਤੇ ਉਪ-ਮੁੱਖ ਮੰਤਰੀ ਕੇ. ਵੀ. ਸਿੰਘਦੇਵ ਦੇ ਨਿੱਜੀ ਘਰਾਂ ਵਿਚ ਬਿਨਾਂ ਕਿਸੇ ਯੋਜਨਾ ਦੇ ਰੁਕਣ ਦਾ ਫੈਸਲਾ ਕੀਤਾ। ਰਾਜ ਭਵਨ ’ਚ ਕੋਈ ਸੱਦਾ ਨਹੀਂ, ਕੋਈ ਰਸਮੀ ਫੋਟੋਸ਼ੂਟ ਨਹੀਂ, ਬਸ ਉਂਝ ਹੀ ਰੁਕ ਜਾਣਾ। ਰਾਜ ਭਵਨ ਜ਼ੋਰ ਦੇ ਕੇ ਕਹਿ ਰਿਹਾ ਹੈ ਕਿ ਇਹ ਸਿਰਫ਼ ‘ਸ਼ਿਸ਼ਟਚਾਰ ਮੁਲਾਕਾਤ’ ਸੀ ਪਰ ਲੁਟੀਅਨਜ਼ ਦੀ ਭਾਸ਼ਾ ਵਿਚ ਇਸ ਦਾ ਮਤਲਬ ਆਮ ਤੌਰ ’ਤੇ ਇਹ ਹੁੰਦਾ ਹੈ : ‘‘ਹਾਂ, ਅਸੀਂ ਸਾਰੇ ਇਕੋ ਵ੍ਹਟਸਐਪ ਗਰੁੱਪ ਵਿਚ ਹਾਂ।’’
ਅਦਾਲਤ ਦੀ ਝਿੜਕ ਤੋਂ ਬਾਅਦ ਸੰਘਵਾਦ ਦੇ ਪਹਿਰੇਦਾਰ ਆਪਣਾ ਰੁਖ਼ ਬਦਲ ਰਹੇ ਹਨ ਅਤੇ ਓਡਿਸ਼ਾ ਦਾ ਰਾਜ ਭਵਨ ਇਕ ਨਰਮ, ਸਮਝਦਾਰ ਅਵਤਾਰ ਵਿਚ ਦਿਖਾਈ ਦੇ ਰਿਹਾ ਹੈ ਅਤੇ ਜੇਕਰ ਪੇਸ਼ਕਾਰੀ ਦੀ ਗੱਲ ਕਰੀਏ ਤਾਂ ਰਾਜਪਾਲ ਕੰਭਮਪਤੀ ਓਡਿਸ਼ਾ ਭਾਜਪਾ ਦੇ ਸਭ ਤੋਂ ਮਿਲਣਸਾਰ ਪ੍ਰਚਾਰਕ ਵਾਂਗ ਦਿਖਾਈ ਦੇ ਰਹੇ ਹਨ।